
ਪਾਕਿਸਤਾਨ 'ਚ ਚੋਣਾਂ ਦੇ ਮੱਦੇਨਜ਼ਰ ਅਤਿਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਦਾ ਸੰਸਥਾਪਕ ਹਾਫ਼ਿਜ਼ ਸਈਦ ਚੋਣ ਪ੍ਰਚਾਰ 'ਚ ਜੁੱਟ ਗਿਆ ਹੈ......
ਲਾਹੌਰ : ਪਾਕਿਸਤਾਨ 'ਚ ਚੋਣਾਂ ਦੇ ਮੱਦੇਨਜ਼ਰ ਅਤਿਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਦਾ ਸੰਸਥਾਪਕ ਹਾਫ਼ਿਜ਼ ਸਈਦ ਚੋਣ ਪ੍ਰਚਾਰ 'ਚ ਜੁੱਟ ਗਿਆ ਹੈ। ਚੋਣ ਰੈਲੀਆਂ 'ਚ ਉਹ ਖੁਲੇਆਮ ਕਸ਼ਮੀਰ ਵਿਚ ਹਿੰਸਾ ਫ਼ੈਲਾਉਣ ਦੀ ਗੱਲ ਕਹਿ ਰਿਹਾ ਹੈ। ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਲਾਹੌਰ ਦੇ ਗੱਦਾਫ਼ੀ ਸਟੇਡੀਅਮ 'ਚ ਅਪਣੇ ਸਮਰਥਕਾਂ ਨੂੰ ਸੰਬੋਧਤ ਕਰਦਿਆਂ ਹਾਫ਼ਿਜ਼ ਸਈਦ ਨੇ ਕਿਹਾ, ''ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਅੱਲਾਹ ਦੀ ਮਰਜ਼ੀ ਨਾਲ ਕਸ਼ਮੀਰ ਇਕ ਆਜ਼ਾਦ ਸੂਬਾ ਹੋਵੇਗਾ। ਕਸ਼ਮੀਰ ਵਿਚ ਬਹੁਤ ਜ਼ਿਆਦਾ ਕਤਲੇਆਮ ਹੋ ਰਿਹਾ ਹੈ ਅਤੇ ਅੱਲਾਹ ਇਸ ਨੂੰ ਵੇਖ ਰਿਹਾ ਹੈ। ਉਹ ਅਪਣਾ ਫ਼ੈਸਲਾ
ਸੁਣਾਏਗਾ, ਕਿਉਂਕਿ ਸਾਰੇ ਫ਼ੈਸਲੇ ਜੰਨਤ ਵਿਚ ਹੁੰਦੇ ਹਨ, ਵਾਸ਼ਿੰਗਟਨ ਵਿਚ ਨਹੀਂ। ਜੰਨਤ ਵਿਚ ਹੋਣ ਵਾਲੇ ਫ਼ੈਸਲੇ ਨਾਲ ਕਸ਼ਮੀਰ ਆਜ਼ਾਦ ਹੋ ਜਾਵੇਗਾ।''
ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ 'ਚ ਜ਼ਿਆਦਾਤਰ ਹਮਲਿਆਂ ਪਿੱਛੇ ਲਸ਼ਕਰ-ਏ-ਤੈਯਬਾ ਦਾ ਹੱਥ ਹੈ। ਇੰਨਾ ਹੀ ਨਹੀਂ ਇਹ ਸੰਗਠਨ ਸਥਾਨਕ ਨੌਜਵਾਨਾਂ ਨੂੰ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਲਈ ਭੜਕਾਉਂਦਾ ਹੈ। ਹਾਫ਼ਿਜ਼ ਨੇ ਕਿਹਾ, ''ਮੈਨੂੰ ਯਾਦ ਹੈ ਕਿ ਜਿਨ੍ਹਾਂ ਨੇ ਅਪਣੀ ਜਾਨ ਗਵਾਈ ਅਤੇ ਜਿਨ੍ਹਾਂ ਨੇ ਭਾਰਤੀ ਫ਼ੌਜ ਦੀ ਬੁਲਟ ਵਿਰੁਧ ਪੱਥਰ ਵਰਤੇ। ਅੱਲਾਹ ਵੇਖ ਰਿਹਾ ਹੈ। ਇਥੋਂ ਤਕ ਕਿ ਜਦੋਂ ਉਹ ਮਰ ਜਾਂਦੇ ਹਨ ਤਾਂ ਵੀ ਪਾਕਿਸਤਾਨ ਅਤੇ ਕਸ਼ਮੀਰ ਦੀ ਏਕਤਾ ਦੀ ਗੱਲ ਕਰਦੇ ਹਨ।
ਇਹ ਕਸ਼ਮੀਰ ਦਾ ਨਵਾਂ ਯੁੱਗ ਹੈ ਅਤੇ ਇਸ ਨੂੰ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੀ ਰੋਕ ਨਹੀਂ ਪਾਉਣਗੇ, ਕਿਉਂਕਿ ਹਰ ਫ਼ੈਸਲਾ ਜੰਨਤ ਵਿਚ ਹੁੰਦਾ ਹੈ।''
ਹਾਫ਼ਿਜ਼ ਨੇ ਕਿਹਾ, ''ਅਸੀਂ ਪਾਕਿਸਤਾਨ ਨੂੰ ਅੱਲਾਹ ਦਾ ਦੇਸ਼ ਬਨਾਉਣਾ ਚਾਹੁੰਦੇ ਹਾਂ ਅਤੇ ਅਪਣੇ ਸਾਰੇ ਮੁਸਲਮਾਨ ਭਰਾਵਾਂ ਦੀ ਰਖਿਆ ਕਰਨਾ ਚਾਹੁੰਦੇ ਹਾਂ। ਅਸੀਂ ਇਸ ਲਈ ਤਿਆਰੀ ਵੀ ਕਰ ਰਹੇ ਹਾਂ।
ਪਾਕਿਸਤਾਨ ਦੁਨੀਆਂ ਦਾ ਇਕੋ ਇਕ ਪ੍ਰਮਾਣੂ ਭਰਪੂਰ ਦੇਸ਼ ਹੈ ਅਤੇ ਮੁਸਲਮਾਨ ਪੂਰੀ ਦੁਨੀਆਂ ਦੀ ਅਗਵਾਈ ਕਰਨ ਵਿਚ ਸਮਰੱਥ ਹਨ। ''ਜ਼ਿਕਰਯੋਗ ਹੈ ਕਿ ਹਾਫ਼ਿਜ਼ ਸਈਦ ਦੀ ਪਾਰਟੀ ਜਮਾਤ-ਉਦ-ਦਾਵਾ ਪਾਕਿਸਤਾਨ 'ਚ ਸਰਕਾਰ ਬਣਾਉਣ ਲਈ ਪੂਰੀ ਤਿਆਰੀ 'ਚ ਲੱਗੀ ਹੋਈ ਹੈ। ਉਸ ਦਾ ਬੇਟਾ ਅਤੇ ਜਵਾਈ ਵੀ ਚੋਣ ਮੈਦਾਨ 'ਚ ਖੜੇ ਹਨ। (ਪੀਟੀਆਈ)