
ਚੀਨ ਵਿਚ ਛੱਪਣ ਤੋਂ ਬਾਅਦ ਅਮਰੀਕਾ ਆਉਂਦੀ ਹੈ ਬਾਈਬਲ
ਵਾਸ਼ਿੰਗਟਨ : ਅਮਰੀਕਾ-ਚੀਨ ਵਿਚਾਲੇ ਜਾਰੀ ਵਪਾਰ ਯੁੱਧ ਦਾ ਨਵਾਂ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੇ ਸਾਮਾਨ 'ਤੇ ਦਰਾਮਦ ਟੈਕਸ ਵਧਾਉਣ ਦੇ ਫ਼ੈਸਲੇ ਨਾਲ ਬਾਈਬਲ ਦੀ ਕੀਮਤ ਵਿਚ ਵਾਧਾ ਹੋਣ ਦੀ ਸੰਭਾਵਨਾ ਨਾਲ ਕੁਝ ਅਮਰੀਕੀ ਧਾਰਮਿਕ ਸਮੂਹ ਨਾਰਾਜ਼ ਹੋ ਗਏ ਹਨ। ਟਰੰਪ ਦੇ ਕੱਟੜ ਸਮਰਥਕ ਸਮੂਹਾਂ ਵਿਚ ਸ਼ਾਮਲ ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਅਮਰੀਕਾ ਵਿਚ ਬਾਈਬਲ ਦੀ ਕੀਮਤ ਵੱਧ ਸਕਦੀ ਹੈ।
US-China trade war
ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਦੇ ਮੋਰਚੇ 'ਤੇ ਇਹ ਟਕਰਾਅ ਪਿਛਲੇ ਸਾਲ ਮਾਰਚ ਵਿਚ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਟਰੰਪ ਨੇ ਚੀਨ ਤੋਂ ਆਉਣ ਵਾਲੇ ਇਸਪਾਤ ਅਤੇ ਐਲੂਮੀਨੀਅਮ ਨਾਲ ਬਣੀਆਂ ਵਸਤਾਂ 'ਤੇ ਭਾਰੀ ਦਰਾਮਦ ਟੈਕਸ ਲਗਾਇਆ ਸੀ। ਹੁਣ ਤਕ ਟਰੰਪ ਚੀਨ ਤੋਂ ਆਉਣ ਵਾਲੀਆਂ 250 ਅਰਬ ਡਾਲਰ ਦੀਆਂ ਵਸਤਾਂ 'ਤੇ 25 ਫ਼ੀ ਸਦੀ ਦਰਾਮਦ ਟੈਕਸ ਲਗਾ ਚੁੱਕੇ ਹਨ। ਬਦਲੇ ਵਿਚ ਚੀਨ ਨੇ ਵੀ ਅਜਿਹਾ ਕਦਮ ਚੁੱਕਿਆ। ਇਸ ਦੇ ਬਾਅਦ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਸਨ ਅਤੇ ਗਲੋਬਲ ਵਪਾਰ ਯੁੱਧ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ।
US-China trade war
ਹੁਣ ਟਰੰਪ ਨੇ ਛਪੀਆਂ ਹੋਈਆਂ ਵਸਤਾਂ ਸਮੇਤ ਚੀਨ ਤੋਂ ਆਉਣ ਵਾਲੀਆਂ 300 ਅਰਬ ਡਾਲਰ ਦੀਆਂ ਵਸਤਾਂ 'ਤੇ ਦਰਾਮਦ ਟੈਕਸ ਵਧਾਉਣ ਦੀ ਗੱਲ ਕਹੀ ਹੈ। ਅਮਰੀਕਾ ਦਾ ਚਰਚ ਭਾਈਚਾਰਾ ਰਾਸ਼ਟਰਪਤੀ ਟਰੰਪ ਤੋਂ ਨਾਰਾਜ਼ ਹੋ ਗਿਆ ਹੈ ਕਿਉਂਕਿ ਬਾਈਬਲ ਚੀਨ ਵਿਚ ਛੱਪਣ ਦੇ ਬਾਅਦ ਅਮਰੀਕਾ ਆਉਂਦੀ ਹੈ। ਸੰਭਾਵਨਾ ਜ਼ਾਹਰ ਕੀਤੀ ਗਈ ਹੈ ਕਿ ਇਸ ਨਾਲ ਧਾਰਮਿਕ ਸਮੂਹ, ਚਰਚਾਂ, ਸਕੂਲਾਂ, ਮੰਤਰਾਲਿਆਂ ਅਤੇ ਕਈ ਗ਼ੈਰ ਲਾਭਕਾਰੀ ਸੰਸਥਾਵਾਂ 'ਤੇ ਬੋਝ ਵੱਧ ਸਕਦਾ ਹੈ।
Bible
ਅਮਰੀਕੀ ਸਾਂਸਦ ਜੋਸ਼ ਹਾਰਡਰ ਮੁਤਾਬਕ ਉਨ੍ਹਾਂ ਨੇ ਟਰੰਪ ਨੂੰ ਚਿੱਠੀ ਲਿਖ ਕੇ ਚੀਨ ਤੋਂ ਆਉਣ ਵਾਲੀ ਬਾਈਬਲ ਨੂੰ ਦਰਾਮਦ ਟੈਕਸ ਦੇ ਦਾਇਰੇ ਵਿਚੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਦਰਾਮਦ ਟੈਕਸ ਵਧਾਉਣ ਦਾ ਅਸਰ ਬਾਈਬਲ ਦੀ ਕੀਮਤ 'ਤੇ ਪੈ ਸਕਦਾ ਹੈ।