
ਪਾਕਿ ਹੁਣ ਵੀ ਅਤਿਵਾਦੀਆਂ ਦੀ ਪਨਾਹਗਾਹ : ਅਮਰੀਕੀ ਰਿਪੋਰਟ
ਸੰਯੁਕਤ ਰਾਸ਼ਟਰ, 25 ਜੂਨ : ਪਾਕਿਸਤਾਨ ਵਿਚ ਅਤਿਵਾਦੀਆਂ ਲਈ ਪਨਾਹਗਾਹ ਹੋਣ ਸਬੰਧੀ ਅਮਰੀਕੀ ਰਿਪੋਰਟ ਤੋਂ ਬਾਅਦ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਂਤੋਨੀਯੋ ਗੁਤਾਰੇਸ ਨੇ ਉਮੀਦ ਜਤਾਈ ਹੈ ਕਿ ਸਾਰੇ ਮੈਂਬਰ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਤਹਿਤ ਅਪਣੀ ਜ਼ਿੰਮੇਵਾਰੀ ਦਾ ਪਾਲਣ ਕਰਨਗੇ। ਗੁਤਾਰੇਸ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਉਹ ਅਮਰੀਕੀ ਵਿਦੇਸ ਮੰਤਰਾਲੇ ਦੀ ਰਿਪੋਰਟ ’ਤੇ ਟਿਪਣੀ ਨਹੀਂ ਕਰਨਗੇ ਪਰ,‘‘ਅਸੀਂ ਸਾਰੇ ਮੈਂਬਰਾਂ ਤੋਂ ਸਿਧਾਂਤਕ ਰੂਪ ਵਿਚ ਉਮੀਦ ਕਰਦੇ ਹਾਂ ਕਿ ਉਹ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਜਾਂ ਸੁਰੱਖਿਆ ਪ੍ਰੀਸ਼ਦ ਦੇ ਫ਼ੈਸਲੇ ਤਹਿਤ ਅਪਣੀ ਜ਼ਿੰਮੇਵਾਰੀ ਦਾ ਪਾਲਣ ਕਰਨਗੇ।’’
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਬੁਧਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਨੇ 2019 ਵਿਚ ਅਤਿਵਾਦ ਦੇ ਵਿਤਪੋਸ਼ਣ ਅਤੇ ਉਸ ਸਾਲ ਫ਼ਰਵਰੀ ਵਿਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਵੱਡੇ ਪੈਮਾਨੇ ’ਤੇ ਹਮਲਿਆਂ ਨੂੰ ਰੋਕਣ ਲਈ ਭਾਰਤ ਕੇਂਦਰਤ ਅਤਿਵਾਦੀ ਸਮੂਹਾਂ ਵਿਰੁਧ ‘ਸੀਮਤ ਕਦਮ’ ਚੁੱਕੇ ਪਰ ਹੁਣ ਵੀ ਖੇਤਰ ਵਿਚ ਕਿਰਿਆਸ਼ੀਲ ਅਤਿਵਾਦੀ ਸਮੂਹਾਂ ਲਈ ਇਕ ਪਨਾਹਗਾਹ ਬਣਿਆ ਹੋਇਆ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ,‘‘ਪਾਕਿਸਤਾਨ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਨੂੰ ਅਪਣੀ ਜ਼ਮੀਨ ਤੋਂ ਸੰਚਾਲਤ ਕਰਨ ਦੀ ਪ੍ਰਵਾਨਗੀ ਦਿੰਤਾ ਹੈ ਜੋ ਅਫ਼ਗ਼ਾਨਿਸਤਾਨ ਨੂੰ ਨਿਸ਼ਾਨਾ ਬਣਾਉਂਦੇ ਹਨ, ਇਸੇ ਤਰ੍ਹਾਂ ਭਾਰਤ ਨੂੰ ਨਿਸ਼ਾਨਾ ਬਨਾਉਣ ਵਾਲੇ ਲਸ਼ਕਰ ਏ ਤਯਬਾ ਅਤੇ ਉਸ ਨਾਲ ਸਬੰਧਤ ਹੋਰ ਸੰਗਠਨਾਂ ਅਤੇ ਜੈਸ਼ ਏ ਮੋਹੰਮਦ ਦੇ ਅਤਿਵਾਦੀਆਂ ਨੂੰ ਅਪਣੀ ਜ਼ਮੀਨ ਦਾ ਇਸਤੇਮਾਲ ਕਰਨ ਦਿੰਦਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੋਸ਼ ਲਗਾਇਆ,‘‘ਪਾਕਿਸਤਾਨ ਨੇ ਜਾਣਕਾਰ ਅਤਿਵਾਦੀ ਸਮੂਹ ਜੈਸ਼ ਏ ਮੋਹੰਮਦ ਦੇ ਸੰਸਥਾਪਕ ਅਤੇ ਸੰਯਕਤ ਰਾਸ਼ਟਰ ਵਲੋਂ ਐਲਾਨੇ ਅਤਿਵਾਦੀ ਸਮੂਹ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘ਪ੍ਰੋਜੈਕਟ ਮੈਨੇਜਰ’ ਸਾਜਿਦ ਮੀਰ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿਚ ਖੁਲ੍ਹੇ ਘੁੰਮ ਰਹੇ ਹਨ।’’ (ਪੀਟੀਆਈ)