
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਯਾਤਰਾ ਨੇ ਅਮਰੀਕਾ ਅਤੇ ਭਾਰਤ ਵਿਚਕਾਰ ਡੂੰਘੀ ਅਤੇ ਕਰੀਬੀ ਸਾਂਝੇਦਾਰੀ ਦੀ ਪੁਸ਼ਟੀ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਯਾਤਰਾ ਨੇ ਅਮਰੀਕਾ ਅਤੇ ਭਾਰਤ ਵਿਚਕਾਰ ਡੂੰਘੀ ਅਤੇ ਕਰੀਬੀ ਸਾਂਝੇਦਾਰੀ ਦੀ ਪੁਸ਼ਟੀ ਕੀਤੀ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਦੀ ਦੋਸਤੀ ਦੁਨੀਆਂ ’ਚ ‘ਸਭ ਤੋਂ ਮਹੱਛਵਪੂਰਨ’ ਹੈ ਅਤੇ ਦੁਵੱਲੇ ਸਬੰਧ ਪਹਿਲਾਂ ਤੋਂ ਕਿਤੇ ਵੱਧ ਜੀਵੰਤ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਯਾਤਰਾ ਦੌਰਾਨ ਅਮਰੀਕਾ ਅਤੇ ਭਾਰਤ ਦੇ ਅਪਣੀ ਰਣਨੀਤੀ ਤਕਨਾਲੋਜੀ ਸਾਂਝੇਦਾਰੀ ਨੂੰ ਹੋਰ ਵਧਾਉਣ ਲਈ ਕਈ ਪ੍ਰਮੁੱਖ ਸਮਝੌਤਿਆਂ ’ਤੇ ਹਸਤਾਖ਼ਰ ਕਰਨ ਤੋਂ ਬਾਅਦ ਬਾਈਡਨ ਨੇ ਇਹ ਬਿਆਨ ਦਿਤਾ।
ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਨਾਲ ਕਈ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਉਹ ਦੋ ਵਾਰੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਆਗੂ ਹਨ।
ਬਾਈਡਨ ਜੋੜੇ ਨੇ ਉਨ੍ਹਾਂ ਲਈ ਸਰਕਾਰੀ ‘ਸਟੇਟ ਡਿਨਰ’ ਦੀ ਮੇਜ਼ਬਾਨੀ ਕੀਤੀ, ਜਿਸ ’ਚ ਤਕਨਾਲੋਜੀ ਕੰਪਨੀਆਂ ਦੇ ਪ੍ਰਮੁੱਖਾਂ, ਸੀ.ਈ.ਓ., ਉਦਯੋਗਪਤੀਆਂ ਅਤੇ ਅਧਿਕਾਰੀਆਂ ਸਮੇਤ ਲਗਭਗ 500 ਲੋਕਾਂ ਨੇ ਸ਼ਿਰਕਤ ਕੀਤੀ ਸੀ।
ਬਾਈਡਨ ਨੇ ਐਤਵਾਰ ਨੂੰ ਟਵੀਟ ਕੀਤਾ, ‘‘ਅਮਰੀਕਾ ਅਤੇ ਭਾਰਤ ਵਿਚਕਾਰ ਦੋਸਤੀ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ’ਚੋਂ ਇਕ ਹੈ। ਇਹ ਪਹਿਲਾਂ ਤੋਂ ਕਿਤੇ ਵੱਧ ਮਜ਼ਬੂਤ, ਡੂੰਘੀ ਅਤੇ ਜੀਵੰਤ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਬਾਈਡਨ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘‘ਰਾਸ਼ਟਰਪਤੀ ਜੋਅ ਬਾਈਡਨ, ਮੈਂ ਤੁਹਾਡੀ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ। ਸਾਡੇ ਦੇਸ਼ਾਂ ਦੀ ਦੋਸਤੀ ਕੌਮਾਂਤਰੀ ਹਿਤ ’ਚ ਹੈ। ਇਸ ਨਾਲ ਸਾਡੀ ਧਰਤੀ ਹੋਰ ਬਿਹਤਰ ਅਤੇ ਵੱਧ ਟਿਕਾਊ ਬਣੇਗੀ।’’
ਉਨ੍ਹਾਂ ਕਿਹਾ, ‘‘ਮੇਰੀ ਯਾਤਰਾ ’ਚ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ, ਉਸ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ।’’
ਵਾਇਟ ਹਾਊਸ ਨੇ ਅਪਣੇ ਹਫ਼ਤਾਵਾਰ ਈ-ਮੇਲ ’ਚ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਯਾਤਰਾ ਨੇ ਅਮਰੀਕਾ ਅਤੇ ਭਾਰਤ ਵਿਚਕਾਰ ਡੂੰਘੀ ਅਤੇ ਕਰੀਬੀ ਸਾਂਝੇਦਾਰੀ ਦੀ ਪੁਸ਼ਟੀ ਕੀਤੀ। ਇਸ ’ਚ ਆਜ਼ਾਦ, ਮੁਕਤ, ਖ਼ੁਸ਼ਹਾਲ ਅਤੇ ਸੁਰਖਿਅਤ ਹਿੰਦ-ਪ੍ਰਸ਼ਾਂਤ ਦੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਇਆ ਗਿਆ ਅਤੇ ਰਖਿਆ, ਸਵੱਛ ਊਰਜਾ ਤੇ ਪੁਲੜ ਸਮੇਤ ਉਨ੍ਹਾਂ ਦੀ ਰਣਨੀਤਕ ਤਕਨਾਲੋਜੀ ਸਾਂਝੇਦਾਰੀ ਨੂੰ ਵਧਾਉਣ ਦੀਆਂ ਸਾਂਝੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਕੀਤੀ ਗਈ।
ਵਾਇਟ ਹਾਊਸ ਅਨੁਸਾਰ, ‘‘ਦੋਹਾਂ ਆਗੂਆਂ ਨੇ ਅਮਰੀਕਾ ਅਤੇ ਭਾਰਤ ਦੇ ਵਿਦਿਅਕ ਲੈਣ-ਦੇਣ, ਲੋਕਾਂ ਤੋਂ ਲੋਕਾਂ ਵਿਚਕਾਰ ਸਬੰਧਾਂ ਦੇ ਨਾਲ-ਨਾਲ ਜਲਵਾਯੂ ਤਬਦੀਲੀ ਤੋਂ ਲੈ ਕੇ ਕਿਰਤ ਬਲ ਵਿਕਾਸ ਅਤੇ ਸਿਹਤ ਸੁਰਖਿਆ ਵਰਗੀਆਂ ਆਮ ਚੁਨੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।’’
ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਨੇ ਰਖਿਆ, ਪੁਲਾੜ ਅਤੇ ਵਪਾਰ ਵਰਗੇ ਪ੍ਰਮੁੱਖ ਖੇਤਰਾਂ ’ਚ ਸਹਿਯੋਗ ਨੂੰ ਹੱਲਾਸ਼ੇਰੀ ਲਈ ਕਈ ਪ੍ਰਮੁੱਖ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ।