
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦ ਅਤੇ ਕੱਟੜਵਾਦ ਵਿਰੁਧ ਲੜਾਈ ਵਿਚ ਭਾਰਤ ਅਫ਼ਰੀਕਾ ਨਾਲ ਅਪਣੇ ਸਹਿਯੋਗ ਅਤੇ ਆਪਸੀ ਸਮਰੱਥਾ ਨੂੰ ਮਜ਼ਬੂਤ ਬਣਾਏਗਾ.........
ਕਪਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦ ਅਤੇ ਕੱਟੜਵਾਦ ਵਿਰੁਧ ਲੜਾਈ ਵਿਚ ਭਾਰਤ ਅਫ਼ਰੀਕਾ ਨਾਲ ਅਪਣੇ ਸਹਿਯੋਗ ਅਤੇ ਆਪਸੀ ਸਮਰੱਥਾ ਨੂੰ ਮਜ਼ਬੂਤ ਬਣਾਏਗਾ। ਯੁਗਾਂਡਾ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਫ਼ਰੀਕਾ ਨਾਲ ਭਾਰਤ ਦੇ ਸਬੰਧ 10 ਸਿਧਾਂਤਾਂ ਨਾਲ ਚਲਣਗੇ। ਮੋਦੀ ਨੇ ਕਿਹਾ ਕਿ ਭਾਰਤ ਨੂੰ ਅਫ਼ਰੀਕਾ ਦਾ ਸਹਿਯੋਗੀ ਹੋਣ ਦਾ ਮਾਣ ਹੈ ਅਤੇ ਇਸ ਮਾਮਲੇ ਵਿਚ ਯੁਗਾਂਡਾ ਅਫ਼ਰੀਕੀ ਮਹਾਦੀਪ ਵਿਚ ਖ਼ਾਸ ਅਹਿਮੀਅਤ ਰਖਦਾ ਹੈ। ਪਹਿਲੀ ਵਾਰ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਯੁਗਾਂਡਾ ਦੀ ਸੰਸਦ ਨੂੰ ਸੰਬੋਧਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਤਰਜੀਹਾਂ ਵਿਚ ਅਫ਼ਰੀਕਾ ਸਿਖਰ 'ਤੇ ਰਹੇਗਾ।
ਉਨ੍ਹਾਂ ਕਿਹਾ, 'ਅਸੀਂ ਅਫ਼ਰੀਕਾ ਨਾਲ ਅਪਣੇ ਸਬੰਧ ਮਜ਼ਬੂਤ ਕਰਾਂਗੇ। ਜਿਵੇਂ ਅਸੀਂ ਵਿਖਾਇਆ ਹੈ, ਇਹ ਲਗਾਤਾਰ ਰਹੇਗਾ।' ਮੋਦੀ ਨੇ ਕਿਹਾ ਕਿ ਭਾਰਤ ਯੁਗਾਂਡਾ ਦੀ ਉਸ ਪਵਿੱਤਰ ਥਾਂ 'ਤੇ ਗਾਂਧੀ ਵਿਰਾਸਤ ਕੇਂਦਰ ਦਾ ਨਿਰਮਾਣ ਕਰੇਗਾ ਜਿਥੇ ਫ਼ਿਲਹਾਲ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਹੈ। ਉਨ੍ਹਾਂ ਕਿਹਾ, 'ਯੁਗਾਂਡਾ ਅਤੇ ਭਾਰਤ ਨੂੰ ਨਾਲ ਜੋੜਨ ਵਾਲੇ ਵੱਖ ਵੱਖ ਧਾਗਿਆਂ ਵਿਚ ਇਕ ਧਾਗਾ ਦੋਹਾਂ ਦੇਸ਼ਾਂ ਦੀ ਜਨਤਾ ਹੈ। ਸਾਡੀ ਭਾਈਵਾਲੀ ਵਿਚ ਹਾਲੇ 40 ਤੋਂ ਵੱਧ ਅਫ਼ਰੀਕੀ ਦੇਸ਼ਾਂ ਵਿਚ ਤਕਰੀਬਨ 11 ਅਰਬ ਡਾਲਰ ਦੀ 180 ਕਰਜ਼ਾ ਸਹੂਲਤਾਂ ਨੂੰ ਲਾਗੂ ਕਰਨਾ ਸ਼ਾਮਲ ਹੈ।' (ਏਜੰਸੀ)