
ਫਰੀਦਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਨਿਊਯਾਰਕ: ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਐਡਮਿੰਟਨ ਵਿਚ ਰਹਿੰਦੇ ਪੰਜਾਬੀ ਟਰੱਕਿੰਗ ਦੇ ਕਾਰੋਬਾਰੀ ਗੁਰਕੀਰਤਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਡਮਿੰਟਨ, ਕੈਨੇਡਾ ਵਿੱਚ ਰਹਿੰਦਾ ਸੀ ਅਤੇ ਟਰੱਕਿੰਗ ਦਾ ਇਕ ਸਫਲ ਕਾਰੋਬਾਰੀ ਸੀ।
ਉਸ ਦਾ ਟਰੱਕਿੰਗ ਦਾ ਕਾਰੋਬਾਰ ਹੋਣ ਕਰਕੇ ਉਹ ਆਪਣੇ ਕੰਮ ਦੇ ਚੱਲਦਿਆਂ ਰੋਜ਼ਾਨਾ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਅੱਪਡਾਊਨ ਕਰਦਾ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਰਾਤ ਨੂੰ ਉਹ ਆਪਣੇ ਪਿੱਕਅੱਪ ਟਰੱਕ ਵਿੱਚ ਘਰ ਪਰਤ ਰਿਹਾ ਸੀ ਤਾਂ ਸਾਹਮਣੇ ਤੋਂ ਆਉਂਦੇ ਇੱਕ ਦੂਜੇ ਪਿੱਕਅੱਪ ਟਰੱਕ ਨਾਲ ਉਸ ਦਾ ਟਰੱਕ ਟਕਰਾਅ ਗਿਆ ਅਤੇ ਇਸ ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਦੂਜੇ ਪਿੱਕਅੱਪ ਟਰੱਕ ਦਾ ਡਰਾਈਵਰ ਜੋ ਕਿ ਇੱਕ ਗੋਰਾ ਸੀ, ਉਸ ਦੀ ਵੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਵਿਚ ਦੋਨੋਂ ਟਰੱਕ ਵੀ ਬੁਰੀ ਤਾਂ ਨੁਕਸਾਨੇ ਗਏ। ਮ੍ਰਿਤਕ ਗੁਰਕੀਰਤਪਾਲ ਸਿੰਘ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮੌਤ ਦੀ ਖਬਰ ਮਿਲਣ ਤੋਂ ਬਾਇਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।