
ਕਈ ਲੋਕਾਂ ਦੀ ਹਾਲਤ ਨਾਜ਼ੁਕ, ਹਮਲਾਵਰ ਦੀ ਤਸਵੀਰ ਆਈ ਸਾਹਮਣੇ
US Firing Shooting: ਲੇਵਿਸਟਨ - ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ 'ਚ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ 'ਚ ਹੋਈ ਗੋਲੀਬਾਰੀ 'ਚ 22 ਲੋਕਾਂ ਦੀ ਮੌਤ ਹੋ ਗਈ। ਕਰੀਬ 60 ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੀਐਨਐਨ ਮੁਤਾਬਕ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਜਾਣ ਲਈ ਕਿਹਾ ਹੈ ਕਿਉਂਕਿ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਹਮਲਾਵਰ ਦੇ ਇਲਾਕੇ ਵਿਚ ਹੀ ਲੁਕੇ ਹੋਣ ਦੀ ਖ਼ਬਰ ਹੈ। ਇਸ ਦਾ ਨਾਂ ਰੌਬਰਟ ਕਾਰਡ ਦੱਸਿਆ ਗਿਆ ਹੈ। ਹਮਲਾਵਰ ਨੇ ਅਜਿਹਾ ਕਿਉਂ ਕੀਤਾ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਹਮਲਾਵਰ ਦੀ ਤਸਵੀਰ ਸਾਹਮਣੇ ਆਈ ਹੈ। ਉਹ ਹੱਥ ਵਿਚ ਬੰਦੂਕ ਲੈ ਕੇ ਗੋਲੀਬਾਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
ਪੁਲਿਸ ਮੁਤਾਬਕ ਰਾਤ ਕਰੀਬ 8 ਵਜੇ ਤਿੰਨ ਥਾਵਾਂ 'ਤੇ ਗੋਲੀਬਾਰੀ ਹੋਈ, ਜਦੋਂ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਮੌਜੂਦ ਸਨ। ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਹਮਲਾਵਰ ਦੀਆਂ ਦੋ ਫੋਟੋਆਂ ਪੋਸਟ ਕੀਤੀਆਂ ਅਤੇ ਲਿਖਿਆ ਕਿ ਉਹ ਫਰਾਰ ਹੈ। ਸਨ ਜਰਨਲ ਦੇ ਅਨੁਸਾਰ, ਇਸ ਵਿਅਕਤੀ ਨੇ ਤਿੰਨ ਵੱਖ-ਵੱਖ ਵਪਾਰਕ ਕੇਂਦਰਾਂ ਵਿਚ ਗੋਲੀਬਾਰੀ ਕੀਤੀ। ਇਹਨਾਂ ਵਿਚ ਸਪੇਅਰਟਾਈਮ ਮਨੋਰੰਜਨ, ਸਕੀਮੇਨੇਜ਼ ਬਾਰ ਐਂਡ ਗ੍ਰਿਲ ਰੈਸਟੋਰੈਂਟ, ਅਤੇ ਵਾਲਮਾਰਟ ਸੈਂਟਰ ਸ਼ਾਮਲ ਹਨ। ਲੇਵਿਸਟਨ ਐਂਡਰੋਸਕੌਗਿਨ ਕਾਉਂਟੀ ਦਾ ਹਿੱਸਾ ਹੈ ਅਤੇ ਮੇਨ ਦੇ ਸਭ ਤੋਂ ਵੱਡੇ ਸ਼ਹਿਰ, ਪੋਰਟਲੈਂਡ ਦੇ ਉੱਤਰ ਵਿੱਚ ਲਗਭਗ 35 ਮੀਲ (56 ਕਿਲੋਮੀਟਰ) ਹੈ।