
ਟੈਕਸਦਾਤਾਵਾਂ ਦੇ ਫ਼ੰਡ ਨਾਲ ਚੱਲਦੇ ਸਰਕਾਰੀ ਕਲਾ ਸੰਗ੍ਰਹਿ ਨੇ ਖਰੀਦੀ ਵਿਵਾਦਿਤ ਮੂਰਤੀ
ਲੰਡਨ - ਬਰਤਾਨੀਆ ਦੇ ਇੱਕ ਪ੍ਰਸਿੱਧ ਕਾਰੀਗਰ ਵੱਲੋਂ ਬਣਾਈ ਕਾਂਸੀ ਦੀ ਮੂਰਤੀ ਨੂੰ ਫ਼ਜ਼ੂਲਖਰਚੀ ਦੇ ਨਾਂਅ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟਿਸ਼ ਸਰਕਾਰ ਨੇ ਇਹ ਮੂਰਤੀ ਖਰੀਦਣ ਲਈ ਖਜ਼ਾਨੇ ਵਿੱਚੋਂ 1.3 ਮਿਲੀਅਨ ਪੌਂਡ ਖਰਚ ਕੀਤੇ, ਅਤੇ ਫਿਰ ਇਸ ਨੂੰ 10 ਡਾਊਨਿੰਗ ਸਟਰੀਟ ਸਥਿਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬਾਗ਼ ਵਿੱਚ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ 10 ਡਾਊਨਿੰਗ ਸਟ੍ਰੀਟ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਹੈ।
'ਦਿ ਸਨ' ਅਖਬਾਰ ਮੁਤਾਬਿਕ ਹੈਨਰੀ ਮੂਰ ਦੀ 'ਵਰਕਿੰਗ ਮਾਡਲ ਫ਼ਾਰ ਸੀਟਿਡ ਵੂਮੈਨ' ਦੁਆਰਾ ਬਣਾਈ ਗਈ ਮੂਰਤੀ ਨੂੰ ਕ੍ਰਿਸਟੀ ਦੇ ਨਿਲਾਮੀ ਘਰ ਨੇ ਵੇਚਿਆ ਸੀ। ਇਸ ਨੂੰ ਪਿਛਲੇ ਮਹੀਨੇ ਟੈਕਸਦਾਤਾਵਾਂ ਦੁਆਰਾ ਫ਼ੰਡ ਪ੍ਰਾਪਤ ਸਰਕਾਰੀ ਕਲਾ ਸੰਗ੍ਰਹਿ ਦੁਆਰਾ ਖਰੀਦਿਆ ਗਿਆ ਸੀ।
ਮੂਰਤੀ ਦੀ ਖਰੀਦ ਨੇ ਅਜਿਹੇ ਸਮੇਂ ਵਿੱਚ ਵਿਵਾਦ ਛੇੜਿਆ ਹੈ ਜਦੋਂ ਦੇਸ਼ ਵਧਦੀ ਮਹਿੰਗਾਈ, ਵਧ ਰਹੇ ਘਰੇਲੂ ਬਿਲਾਂ ਅਤੇ ਜਨਤਕ ਖਰਚਿਆਂ ਵਿੱਚ ਕਟੌਤੀ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ।
ਇੱਕ ਮਾਹਿਰ ਨੇ ਅਖਬਾਰ ਨੂੰ ਦੱਸਿਆ, "ਇਹ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਹੈ, ਪਰ ਇਸ ਨੂੰ ਜਨਤਕ ਵਿੱਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ, ਖ਼ਾਸ ਕਰਕੇ ਮੌਜੂਦਾ ਆਰਥਿਕ ਸਥਿਤੀ ਵਿੱਚ।"
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਕਲਾਕ੍ਰਿਤੀ ਨੂੰ ਖਰੀਦਣ ਵਿਚ ਕੋਈ ਨੇਤਾ ਸ਼ਾਮਲ ਨਹੀਂ ਰਿਹਾ।
ਕ੍ਰਿਸਟੀ ਦੀ ਵੈੱਬਸਾਈਟ ਕਹਿੰਦੀ ਹੈ, "ਇਹ (ਮੂਰਤੀ) ਮਾਂ ਬਣਨ ਅਤੇ ਗਰਭ ਅਵਸਥਾ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦੀ ਹੈ।"