ਸਹੀ ਸਮੇਂ 'ਤੇ ਦਿੱਤਾ ਜਾਵੇਗਾ ਇਸ ਦਾ ਜਵਾਬ- ਤਾਲਿਬਾਨ
ਪਾਕਿਸਤਾਨ ਨੇ ਸੋਮਵਾਰ ਅੱਧੀ ਰਾਤ ਦੇ ਕਰੀਬ ਤਿੰਨ ਅਫਗਾਨ ਪ੍ਰਾਂਤਾਂ: ਖੋਸਤ, ਕੁਨਾਰ ਅਤੇ ਪਕਤਿਕਾ ਵਿੱਚ ਹਵਾਈ ਹਮਲੇ ਕੀਤੇ। ਖੋਸਤ ਹਮਲੇ ਵਿੱਚ 10 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚ ਨੌਂ ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਖੋਸਤ ਸੂਬੇ ਦੇ ਮੁਗਲਗਾਈ ਇਲਾਕੇ ਵਿੱਚ ਰਾਤ 12:00 ਵਜੇ ਦੇ ਕਰੀਬ ਇੱਕ ਘਰ 'ਤੇ ਬੰਬਾਰੀ ਕੀਤੀ। ਹਮਲੇ ਵਿੱਚ ਪੰਜ ਮੁੰਡੇ, ਚਾਰ ਕੁੜੀਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ।
ਇਸ ਦੌਰਾਨ, ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਪਾਕਿਸਤਾਨੀ ਹਮਲਿਆਂ ਵਿੱਚ ਚਾਰ ਨਾਗਰਿਕ ਜ਼ਖ਼ਮੀ ਹੋ ਗਏ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਹਮਲਾ ਕਰਕੇ ਇਸਤਾਂਬੁਲ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਮੰਗਲਵਾਰ ਨੂੰ ਹੋਈ ਘਟਨਾ ਤੋਂ ਬਾਅਦ, ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਢੁਕਵੇਂ ਸਮੇਂ 'ਤੇ ਢੁਕਵਾਂ ਜਵਾਬ ਦੇਵੇਗਾ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿੱਚ ਕਿਹਾ ਕਿ "ਇਸਲਾਮਿਕ ਅਮੀਰਾਤ ਇਸ ਹਮਲੇ ਦੀ ਨਿੰਦਾ ਕਰਦਾ ਹੈ, ਆਪਣੇ ਹਵਾਈ ਖੇਤਰ ਅਤੇ ਲੋਕਾਂ ਦੀ ਰੱਖਿਆ ਕਰਨਾ ਉਸ ਦਾ ਅਧਿਕਾਰ ਹੈ''। ਇਸ ਘਟਨਾ 'ਤੇ ਪਾਕਿਸਤਾਨੀ ਫ਼ੌਜ ਅਤੇ ਵਿਦੇਸ਼ ਮੰਤਰਾਲੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
