
ਸਿੱਖ ਰਾਜ ਦੇ ਸਿੱਕਿਆਂ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਸ਼ਾਮਲ
Sarbrinder Kular - ਮੈਲਬੌਰਨ ਦੇ ਵਸਨੀਕ ਸਰਬਰਿੰਦਰ ਕੁਲਾਰ ਨੇ 10,000 ਤੋਂ ਵੀ ਵੱਧ ਇਤਿਹਾਸਕ ਸਿੱਕੇ ਇਕੱਠੇ ਕੀਤੇ ਹੋਏ ਹਨ ਜਿਨ੍ਹਾਂ ਵਿਚ ਸਿੱਖ ਰਾਜ ਦੇ ਸਿੱਕਿਆਂ ਤੋਂ ਇਲਾਵਾ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਸ਼ਾਮਲ ਹੈ। ਇਹਨਾਂ ਮੋਹਰਾਂ ਨੂੰ ਟੋਡਰ ਮੱਲ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਲਈ ਵਰਤਿਆ ਸੀ।
ਮੈਲਬੌਰਨ ਵਿਚ ਕਰੇਗੀਬਰਨ ਦੇ ਰਹਿਣ ਵਾਲ਼ੇ ਸਰਬਰਿੰਦਰ ਕੁਲਾਰ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਪੁਰਾਣੇ ਸਿੱਕੇ ਅਤੇ ਵਸਤਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਸਰਬਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 30 ਸਾਲਾਂ ਦੌਰਾਨ ਉਨ੍ਹਾਂ ਨਾ ਸਿਰਫ਼ ਆਸਟ੍ਰੇਲੀਆ, ਭਾਰਤ ਬਲਕਿ ਅਮਰੀਕਾ, ਫਰਾਂਸ, ਗ੍ਰੀਸ, ਇਟਲੀ, ਚੀਨ ਅਤੇ ਕੋਰੀਆ ਸਮੇਤ ਹੋਰ ਦੇਸ਼ਾਂ ਦੀਆਂ ਇਤਿਹਾਸਕ ਸਮਾਂ-ਰੇਖਾਵਾਂ ਤਹਿ ਕਰਦੇ ਸਿੱਕੇ ਵੀ ਆਪਣੇ ਕੋਲ ਸਾਂਭੇ ਹੋਏ ਹਨ।
ਉਹਨਾਂ ਨੇ ਕਿਹਾ ਕਿ "ਮੈਂ ਇਸ ਸਿਲਸਿਲੇ ਵਿਚ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੈਂ ਖਾਲਸਾ ਰਾਜ, ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦਾ ਵੇਲ਼ੇ ਦੇ ਸਿੱਕੇ ਅਤੇ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਆਪਣੀ ਕੋਲੇਕਸ਼ਨ ਦਾ ਹਿੱਸਾ ਬਣਾ ਸਕਿਆ ਹਾਂ'' ''ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਸਿੱਖ ਰਾਜ ਨਾਲ਼ ਸਬੰਧਿਤ ਅਹਿਮ ਚਿੰਨ੍ਹ ਤੇ ਸਿੱਕੇ ਇਕੱਠੇ ਕਰਨ ਦਾ ਵੀ ਮੌਕਾ ਮਿਲਿਆ।
ਸਰਬਰਿੰਦਰ ਸਿੰਘ ਨੇ ਦੱਸਿਆ ਕਿ "ਮੈਨੂੰ ਇਤਹਾਸ ਪੜ੍ਹਨ ਉੱਤੇ ਪਤਾ ਲੱਗਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਇਕ ਸ਼ਾਹੀ ਫ਼ਰਮਾਨ ਜਾਰੀ ਕੀਤਾ ਸੀ ਕਿ ਅਗਰ ਕੋਈ ਸਾਹਬਿਜ਼ਾਦਿਆਂ ਦਾ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸਸਕਾਰ ਜੋਗੀ ਜ਼ਮੀਨ ਖ਼ਰੀਦਣੀ ਪਵੇਗੀ, ਜਿਸ ਲਈ ਓਨੀ ਹੀ ਥਾਂ ਉਪਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ।"
ਉਹਨਾਂ ਦਾ ਕਹਿਣਾ ਹੈ ਕਿ ਉਹ ਇਤਿਹਾਸਕ ਸਿੱਕੇ ਖਰੀਦਣ ਵੇਲੇ ਹਮੇਸ਼ਾ ਸਾਵਧਾਨੀ ਵਰਤਦੇ ਹਨ। ਇਸ ਲਈ ਥੋੜ੍ਹੀ ਖੋਜ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਸ ਲਈ ਮੈਂ ਮਹਿੰਗੇ ਅਤੇ ਪੁਰਾਤਨ ਸਿੱਕੇ ਖਰੀਦਣ ਲਈ ਕਿਸੇ ਮਾਹਰ ਦੀ ਸਲਾਹ ਅਤੇ ਸਰਟੀਫ਼ਿਕੇਸ਼ਨ ਨੂੰ ਖ਼ਾਸ ਤਵੱਜੋ ਦਿੰਦਾ ਹਾਂ।
(For more news apart from Sarbrinder Kular, stay tuned to Rozana Spokesman)