
ਸਰਹੱਦ ਲਾਗੇ ਪਿੰਡ ਦੇ ਸਰਪੰਚਾਂ ਨੇ ਦੱਸਿਆ ਹੈ ਕਿ ਹਮਲੇ ਦਾ ਪਤਾ ਲਗਣ ਮਗਰੋਂ ਦਰਜਨਾਂ ਕਿਸਾਨ ਅੱਜ ਖੇਤੀ ਸੰਦ ਤੇ ਮਸ਼ੀਨਰੀ ਆਪੋਂ ਆਪਣੀ ਰਿਸ਼ਤੇਦਾਰੀ ਚ ਛੱਡਣ ਚਲੇ ਗਏ ਹਨ...
ਬਠਿੰਡਾ : ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਦਹਿਸ਼ਤੀ ਕੈਂਪ ਤੇ ਕੀਤੇ ਗਏ ਹਮਲੇ ਮਗਰੋਂ ਫਾਜਿਲਕਾਂ-ਫਿਰੋਜਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਚ ਫਿਕਰਮੰਦੀ ਦਾ ਮਾਹੌਲ ਹੈ। ਹਮਲੇ ਤੋਂ ਬਾਅਦ ਕੋਈ ਵੱਡੀ ਹਿਲੱਜੁਲ ਤਾਂ ਕਿਧਰੇ ਨਹੀਂ ਹੋਈ, ਪਰ ਕਿਸਾਨਾਂ ਨੇ ਸਰਹੱਦੀ ਪਿੰਡਾਂ ਚੋਂ ਖੇਤੀ ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਕੱਢਣਾ ਸ਼ੁਰੂ ਕਰ ਦਿਤਾ ਹੈ। ਲੋਕਾਂ ਨੇ ਡਰੰਮਾ ਚੋਂ ਕਣਕ ਕੱਢ ਕੇ ਬੋਰੀਆਂ ਭਰ ਲਈਆਂ ਹਨ। ਕਿਧਰੋਂ ਵੀ ਸਰਹੱਦੀ ਪਿੰਡਾਂ ਚ ਕੋਈ ਸਰਕਾਰੀ ਸੁਨੇਹਾਂ ਨਹੀਂ ਪੁੱਜਾ ਹੈ।
ਪੁਲਿਸ ਤੇ ਫੌਜ ਨੋ ਮੁੱਖ ਸਰਹੱਦੀ ਸੜਕਾਂ ਤੇ ਸਾਝੇਂ ਨਾਕੇ ਲਾਏ ਹਨ ਤੇ ਫਿਰੋਜਪੁਰ-ਫ਼ਾਜ਼ਿਲਕਾ ਮਾਰਗ ਤੇਂ ਚੈਕਿੰਗ ਵਧ ਗਈ ਹੈ। ਸਰਹੱਦੀ ਪਿੰਡ ਪੱਕਾ ਚਿਸਤੀ ਦੇ ਸਰਪੰਚ ਨੇ ਦੱਸਿਆ ਹੈ ਕਿ ਹਮ਼ਲੇ ਦਾ ਪਤਾ ਲੱਗਣ ਮਗਰੋਂ ਦਰਜਨਾਂ ਕਿਸਾਨ ਅੱਜ ਖੇਤੀ ਸੰਦ ਤੇ ਮਸ਼ੀਨਰੀ ਆਪੋਂ ਆਪਣੀ ਰਿਸ਼ਤੇਦਾਰੀ ਚ ਛੱਡਣ ਚਲੇ ਗਏ ਹਨ। ਪੱਕੀ ਚਿਸ਼ਤੀ ਦੇ ਕਿਸਾਨ ਇਕਬਾਲ ਸਿੰਘ ਤੇ ਬੀਰ ਸਿੰਘ ਅੱਜ ਖੇਤੀ ਮਸ਼ੀਨਰੀ ਛੱਡ ਕੇ ਆਏ ਹਨ। ਕਿਸਾਨਾਂ ਨੂੰ ਅੱਜ ਬੀਐੱਸਐੱਫ ਨੇ ਕੰਡਿਆਲੀ ਤਾਰ ਤੋਂ ਪਾਰ ਨਹੀਂ ਜਾਣ ਦਿੱਤਾ।
ਪਿੰਡ ਮੁਹਾਰ ਜਸ਼ਮੇਰੀ ਤਿੰਨ ਪਾਸਿਓ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ। ਪਿੰਡ ਦੇ ਆਰ ਐੱਸ ਪੀ ਪੱਪੂ ਸਿੰਘ ਨੇ ਦੱਸਿਆ ਕਿ ਹਮਲੇ ਦੀ ਖਬਰ ਮਗਰੋਂ ਪਿੰਡ ਦੇ ਲੋਕ ਉੱਠਣ ਲਈ ਮਾਨਸਿਕ ਤੌਰ ਤੇ ਤਾਂ ਤਿਆਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੰਡਿਆਲ ਤਾਰ ਤੋਂ ਪਾਰ ਜਾਣ ਲਈ ਚਾਰ ਖੇਤੀ ਵਾਲੇ ਗੇਟ ਹਨ ਜੋ ਅੱਜ ਪੂਰਾ ਦਿਨ ਨਹੀ ਖੁੱਲ੍ਹੇ। ਪਿੰਡ ਗੁਲਾਬਾ ਭੈਣੀ ਦੇ ਕਿਸਾਨਾਂ ਨੂੰ ਵੀ ਤਰ ਤੋਂ ਪਾਰ ਨਹੀ ਜਾਣ ਦਿੱਤਾ ਗਿਆ। ਇਵੇ ਪਿੰਡ ਖਾਨਪੁਰ ਦੇ ਕਈ ਕਿਸਾਨ ਅੱਜ ਖੇਤੀ ਮਸ਼ੀਨਰੀ ਛੱਡ ਆਏ ਹਨ।
ਜੀਤ ਕੁਮਾਰ, ਵਿਜੇ ਸਿੰਘ ਤੇ ਦਲੀਪ ਕੁਮਾਰ ਨੇ ਸਾਮਾਨ ਅੱਜ ਢੋਇਆ ਹੈ। ਪਿੰਡ ਵਾਸੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਤਾਰ ਪਾਰ ਜਾਣ ਵਾਲੇ ਗੇਟ ਅੱਜ ਬੰਦ ਰਹੇ ਅਤੇ ਲੋਕਾਂ ਵਿਚ ਅੱਜ ਭੱਜ –ਨੱਠ ਬਣੀ ਰਹੀ। ਪਿੰਡ ਬੇਰੀਵਾਲਾ ਦੀ ਮਹਿਲਾ ਸਰਪੰਚ ਮਾਇਆ ਬਾਈ ਨੇ ਦੱਸਿਆ ਕਿ ਅੱਜ ਤਾਰ ਪਾਰ ਜਾਣ ਵਾਲੇ ਦੋ ਗੇਟ ਬੰਦ ਰਹੇਂ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਸ਼ਾਂਤੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰ ਜ਼ਰੂਰ ਪਿੰਡਾਂ ਵਿਚ ਫੋਨ ਕਰ ਕੇ ਹਾਲ ਚਾਲ ਪੁੱਛ ਰਹੇ ਹਨ। ਪਿੰਡ ਗੱਟੀ ਨੰਬਰ ਇਕ ਦੇ ਕਾਲਾ ਸਿੰਘ ਨੇ ਦੱਸਿਆ ਕਿ ਫੌਜ ਨੇ ਚੈਕਿੰਗ ਵਧਾ ਦਿੱਤੀ ਹੈ ਅਤੇ ਲੋਕ ਵੀ ਤਿਆਰੀ ਕਰਨ ਲੱਗੇ ਹਨ।
ਇਸੇ ਤਰ੍ਹਾਂ ਪਿੰਡ ਤੇਜਾ ਰੁਹੇਲਾ,ਦੋਨਾ ਨਾਨਕਾ, ਨੂਰਨ, ਚੂਹੜੀਵਾਲਾ , ਝੰਗਰ ਭੈਣੀ ਆਦਿ ਪਿੰਡਾਂ ਵਿਚ ਵੀ ਲੋਕ ਟੀਵੀ ਦੀਆਂ ਖ਼ਬਰਾਂ ਨਾਲ ਜੁੜੇ ਹੋਏ ਹਨ। ਜਿਕਰਯੋਗ ਹੈ ਕਿ ਭਾਰਤ ਪਾਕਿ ਸਰਹੱਦ ਤੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਕਰੀਬ 220 ਪਿੰਡ ਪੈਂਦੇ ਹਨ ਜਿਨ੍ਹਾਂ ਦੀ ਕਰੀਬ 21 ਹਜ਼ਾਰ ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਹੈ।ਫਾਜ਼ਲਿਕਾ ਤੇ ਫਿਰੋਜ਼ਪੁਰ ਨਾਲ ਕਰੀਬ 156 ਕਿਲੋਮੀਟਰ ਲੰਮੀ ਕੌਮਾਤਰੀ ਸਰਹੱਦ ਲੱਗਦੀ ਹੈ। ਇਕੱਲੇ ਫਾਜ਼ਿਲਕਾ ਦੇ 43 ਪਿੰਡਾਂ ਦੀ ਕਰੀਬ 4477 ਏਕੜ ਜ਼ਮੀਨ ਜ਼ੀਰੋਂ ਲਾਈਨ ਤੇ ਕੰਡਿਆਲੀ ਤਾਰ ਦੇ ਵਿਚਾਲੇ ਹੈ।