
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਭਾਰਤ ਆਉਣ ਲਈ ਤਿਆਰ ਹੈ। ਇਵਾਂਕਾ ਨਵੰਬਰ ਮਹੀਨੇ ਦੇ ਅੰਤ..
ਵਾਸ਼ਿੰਗਟਨ, 8 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਭਾਰਤ ਆਉਣ ਲਈ ਤਿਆਰ ਹੈ। ਇਵਾਂਕਾ ਨਵੰਬਰ ਮਹੀਨੇ ਦੇ ਅੰਤ 'ਚ ਭਾਰਤ ਆਵੇਗੀ ਅਤੇ ਇਥੇ ਉਹ ਵਿਸ਼ਵ ਉੱਦਮੀ ਸੰਮੇਲਨ (ਜੀ.ਈ.ਸੀ.) 'ਚ ਸ਼ਿਰਕਤ ਕਰਨਗੇ, ਜੋ ਕਿ ਹੈਦਰਾਬਾਦ 'ਚ ਹੋਣ ਵਾਲੀ ਹੈ।
ਪ੍ਰਧਾਨ ਮੰਤਰੀ ਮੋਦੀ ਜਦੋਂ ਜੂਨ 'ਚ ਅਪਣੇ ਪਹਿਲੇ ਅਮਰੀਕੀ ਦੌਰੇ 'ਤੇ ਗਏ ਸਨ, ਉਦੋਂ ਉਨ੍ਹਾਂ ਨੇ ਇਵਾਂਕਾ ਨੂੰ ਭਾਰਤ 'ਚ ਇਸ ਸੰਮੇਲਨ ਲਈ ਸੱਦਾ ਦਿਤਾ ਸੀ। ਇਵਾਂਕਾ ਨੇ ਵੀ ਉਸ ਸਮੇਂ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦੇ ਲਈ ਧਨਵਾਦ ਕੀਤਾ ਸੀ। ਇਵਾਂਕਾ, ਰਾਸ਼ਟਰਪਤੀ ਟਰੰਪ ਦੀ ਸਲਾਹਕਾਰ ਵੀ ਹਨ।
ਜੀ.ਈ.ਸੀ. ਦੀ ਸ਼ੁਰੂਆਤ ਸਾਲ 2010 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਕੀਤੀ ਸੀ। ਭਾਰਤ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਹ ਇਸ ਸੰਮੇਲਨ ਦਾ ਆਯੋਜਨ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਸਮੇਂ ਹੀ ਭਾਰਤ ਨੂੰ ਇਸ ਸੰਮੇਲਨ ਦਾ ਆਯੋਜਨ ਕਰਨ ਦਾ ਮੌਕਾ ਮਿਲਿਆ ਸੀ।
ਅਮਰੀਕਾ ਵਲੋਂ ਜਾਰੀ ਬਿਆਨ 'ਚ ਉਦੋਂ ਕਿਹਾ ਗਿਆ ਸੀ ਕਿ ਭਾਰਤ 'ਚ ਕਾਰੋਬਾਰ ਨੂੰ ਮਜ਼ਬੂਤ ਬਣਾਉਣ ਵਾਲੇ ਮਾਹੌਲ ਨੂੰ ਵੇਖਦਿਆਂ ਹੀ ਉਨ੍ਹਾਂ ਨੇ ਭਾਰਤ ਨੂੰ ਇਸ ਸੰਮੇਲਨ ਦੇ ਆਯੋਜਨ ਦਾ ਮੌਕਾ ਦਿਤਾ ਹੈ। ਇਵਾਂਕਾ ਪਹਿਲੀ ਵਾਰ ਭਾਰਤ ਆ ਰਹੀ ਹੈ। ਉਨ੍ਹਾਂ ਦੇ ਇਸ ਦੌਰੇ ਲਈ ਵਾਸ਼ਿੰਗਟਨ, ਹੈਦਰਾਬਾਦ ਅਤੇ ਦਿੱਲੀ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜੀ.ਈ.ਸੀ. ਸੰਮੇਲਨ ਲਈ ਦਿੱਲੀ, ਬੰਗਲੁਰੂ ਅਤੇ ਮੁੰਬਈ ਵੀ ਪਸੰਦੀਦਾ ਥਾਵਾਂ ਸਨ, ਪਰ ਹੈਦਰਾਬਾਦ ਨੂੰ ਚੁਣਿਆ ਗਿਆ। (ਪੀਟੀਆਈ)