ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਅਮਰੀਕਾ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਬਿਆਨ ਦਿਤਾ ਸੀ।
Arvind Kejriwal News: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀਰਵਾਰ (21 ਮਾਰਚ) ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ। ਫਿਲਹਾਲ ਕੇਜਰੀਵਾਲ 7 ਦਿਨਾਂ (28 ਮਾਰਚ ਤਕ) ਲਈ ਈਡੀ ਦੀ ਹਿਰਾਸਤ ਵਿਚ ਹਨ।
ਅਮਰੀਕਾ ਵੀ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, "ਅਸੀਂ ਭਾਰਤ ਸਰਕਾਰ ਨੂੰ ਨਿਰਪੱਖ, ਸਮਾਂਬੱਧ ਅਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦੇ ਹਾਂ।" ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਅਮਰੀਕਾ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਬਿਆਨ ਦਿਤਾ ਸੀ।
ਨਿਊਜ਼ ਏਜੰਸੀ 'ਰਾਇਟਰਜ਼' ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, ''ਅਸੀਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਸੀਂ ਇਸ ਮਾਮਲੇ 'ਚ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਦੀ ਉਮੀਦ ਕਰਦੇ ਹਾਂ।''
ਜਰਮਨੀ ਨੇ ਵੀ ਦਿਤੀ ਸੀ ਪ੍ਰਤੀਕਿਰਿਆ
ਇਸ ਤੋਂ ਪਹਿਲਾਂ ਜਰਮਨ ਸਰਕਾਰ ਨੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਟਿੱਪਣੀ ਕੀਤੀ ਸੀ, ਜਿਸ ਦਾ ਭਾਰਤ ਨੇ ਜਵਾਬ ਦਿਤਾ ਸੀ। ਭਾਰਤ ਨੇ ਜਰਮਨ ਦੂਤਘਰ ਦੇ ਉਪ ਮੁਖੀ ਨੂੰ ਤਲਬ ਕੀਤਾ ਸੀ। ਜਰਮਨੀ ਨੇ ਕੇਜਰੀਵਾਲ ਲਈ ਕਿਹਾ ਸੀ ਕਿ ਉਹ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹੋਰ ਭਾਰਤੀ ਨਾਗਰਿਕਾਂ ਵਾਂਗ ਨਿਰਪੱਖ ਮੁਕੱਦਮੇ ਦੇ ਹੱਕਦਾਰ ਹਨ। ਜਰਮਨ ਸਰਕਾਰ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ, "ਸਾਨੂੰ ਵਿਸ਼ਵਾਸ ਹੈ ਅਤੇ ਉਮੀਦ ਹੈ ਕਿ ਇਸ ਮਾਮਲੇ 'ਚ ਨਿਆਂਪਾਲਿਕਾ ਦੀ ਸੁਤੰਤਰਤਾ ਅਤੇ ਬੁਨਿਆਦੀ ਲੋਕਤੰਤਰੀ ਸਿਧਾਂਤਾਂ ਨਾਲ ਜੁੜੇ ਮਾਪਦੰਡ ਵੀ ਲਾਗੂ ਹੋਣਗੇ।"
ਇਸ ਤੋਂ ਬਾਅਦ ਜਰਮਨੀ ਅੰਬੈਸੀ ਦੇ ਡਿਪਟੀ ਚੀਫ਼ ਜਾਰਜ ਐਨਜ਼ਵੇਲਰ ਨੂੰ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਤਲਬ ਕੀਤਾ ਅਤੇ ਦਸਿਆ ਕਿ ਜਰਮਨੀ ਦੇ ਵਿਦੇਸ਼ ਮੰਤਰਾਲੇ ਦੀ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਟਿੱਪਣੀ ਭਾਰਤ ਦੀ ਨਿਆਂਇਕ ਪ੍ਰਕਿਰਿਆ 'ਚ ਦਖਲ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, 'ਨਵੀਂ ਦਿੱਲੀ ਸਥਿਤ ਜਰਮਨੀ ਦੇ ਦੂਤਾਵਾਸ ਦੇ ਉਪ ਮੁਖੀ ਨੂੰ ਤਲਬ ਕੀਤਾ ਗਿਆ ਸੀ ਅਤੇ ਸਾਡੇ ਅੰਦਰੂਨੀ ਮਾਮਲਿਆਂ 'ਤੇ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਟਿੱਪਣੀ 'ਤੇ ਭਾਰਤ ਦਾ ਸਖ਼ਤ ਵਿਰੋਧ ਪ੍ਰਗਟਾਇਆ ਗਿਆ ਸੀ।'