ਸਾਰੀਆਂ ਏਅਰਲਾਈਨਜ਼ ਦੀਆਂ ਉਡਾਨਾਂ 'ਚ ਹੋ ਰਹੀ ਦੇਰੀ
Technical issues in ATC system at Delhi airport: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਟ੍ਰੈਫ਼ਿਕ ਕੰਟਰੋਲ (ਏਟੀਸੀ) ਵਿੱਚ ਗੜਬੜੀ ਕਾਰਨ ਸੈਂਕੜੇ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਏਅਰ ਟ੍ਰੈਫ਼ਿਕ ਕੰਟਰੋਲ (ਏਟੀਸੀ) ਸਿਸਟਮ ਸਰਵਰ ਡਾਊਨ ਹੋ ਗਿਆ। ਇਸ ਨਾਲ ਦਰਜਨਾਂ ਫਲਾਈਟਾਂ ਨੂੰ ਉਡਾਣ ਭਰਨ ਵਿੱਚ ਦੇਰੀ ਹੋਈ। ਦਿੱਲੀ ਹਵਾਈ ਅੱਡਾ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ।
ਯਾਤਰੀਆਂ ਨੂੰ ਆਪੋ-ਆਪਣੇ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਏਟੀਸੀ ਖ਼ਰਾਬੀ ਕਾਰਨ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਹੈ। ਰਿਪੋਰਟ ਦੇ ਅਨੁਸਾਰ, ਇਹ ਦੋ ਦਿਨਾਂ ਵਿਚ ਦੂਜੀ ਵਾਰ ਹੈ ਜਦੋਂ ਏਅਰ ਟ੍ਰੈਫਿਕ ਕੰਟਰੋਲ ਸਰਵਰ ਵਿੱਚ ਤਕਨੀਕੀ ਖਰਾਬੀ ਆਈ ਹੈ।
ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਖਰਾਬੀ ਕਾਰਨ ਹਫੜਾ-ਦਫੜੀ ਮਚ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਸਪਾਈਸਜੈੱਟ ਸਮੇਤ ਕਈ ਉਡਾਣਾਂ ਵਿੱਚ ਦੇਰੀ ਹੋਈ ਕਿਉਂਕਿ ਇੰਜੀਨੀਅਰ ਅਤੇ ਏਟੀਸੀ ਅਧਿਕਾਰੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਸਨ।
ਉਡਾਣ ਸੰਚਾਲਨ ਵਿਚ ਦੇਰੀ ਦੇ ਕਾਰਨ, ਏਅਰ ਇੰਡੀਆ, ਸਪਾਈਸਜੈੱਟ ਅਤੇ ਇੰਡੀਗੋ ਸਮੇਤ ਪ੍ਰਮੁੱਖ ਏਅਰਲਾਈਨਾਂ ਨੇ ਯਾਤਰੀਆਂ ਲਈ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਡਾਣ ਸੰਚਾਲਨ ਵਿੱਚ ਦੇਰੀ ਹੋ ਰਹੀ ਹੈ। ਯਾਤਰੀਆਂ ਨੂੰ ਅਪਡੇਟਸ ਲਈ ਆਪਣੀਆਂ ਉਡਾਣਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
