
ਪਛਾਣ ਪੱਤਰ ਚੈੱਕ ਕਰਨ ਤੋਂ ਬਾਅਦ ਮਾਰੀ ਗੋਲੀ
ਕਰਾਚੀ : ਬਲੋਚਿਸਤਾਨ ’ਚ ਸ਼ੱਕੀ ਅਤਿਵਾਦੀਆਂ ਨੇ ਗਵਾਦਰ ਨੇੜੇ ਕਰਾਚੀ ਜਾ ਰਹੀ ਇਕ ਬੱਸ ਨੂੰ ਰੋਕ ਕੇ ਪੰਜਾਬ ਦੇ 6 ਮੁਸਾਫ਼ਰਾਂ ਦੀ ਹੱਤਿਆ ਕਰ ਦਿਤੀ। ਐੱਸ.ਐੱਸ.ਪੀ. ਹਾਫਿਜ਼ ਬਲੋਚ ਨੇ ਪੁਸ਼ਟੀ ਕੀਤੀ ਕਿ ਪੀੜਤਾਂ ਨੂੰ ਉਨ੍ਹਾਂ ਦੀ ਪਛਾਣ ਦੇ ਅਧਾਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਤਿੰਨ ਹੋਰਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਕਿਸੇ ਵੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਨਸਲੀ ਬਲੋਚ ਅਤਿਵਾਦੀ ਸਮੂਹ ਪਹਿਲਾਂ ਵੀ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਚੁਕੇ ਹਨ। ਅਤਿਵਾਦੀਆਂ ਨੇ ਯੂਰੀਆ ਲੈ ਕੇ ਜਾ ਰਹੇ ਟ੍ਰੇਲਰਾਂ ਨੂੰ ਵੀ ਸਾੜ ਦਿਤਾ ਅਤੇ ਹਾਈਵੇਅ ਜਾਮ ਕਰ ਦਿਤੇ, ਜਿਸ ਤੋਂ ਬਾਅਦ ਸੁਰੱਖਿਆ ਮੁਹਿੰਮ ਚਲਾਈ ਗਈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕਰਦਿਆਂ ਅਤਿਵਾਦੀਆਂ ਨੂੰ ਬਲੋਚਿਸਤਾਨ ਦੀ ਤਰੱਕੀ ਦਾ ਦੁਸ਼ਮਣ ਦਸਿਆ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਉਹ ਬਲੋਚਿਸਤਾਨ ’ਚ ਤਰੱਕੀ ਨਹੀਂ ਵੇਖ ਸਕਦੇ। ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਇਸ ਘਟਨਾ ਨੂੰ ਘਿਨਾਉਣਾ ਅਤੇ ਕਾਇਰਾਨਾ ਕਰਾਰ ਦਿਤਾ ਅਤੇ ਇਨਸਾਫ ਦਾ ਵਾਅਦਾ ਕੀਤਾ।
ਹਾਲ ਹੀ ਦੇ ਮਹੀਨਿਆਂ ’ਚ ਵਿਦਰੋਹੀਆਂ ਦੀਆਂ ਗਤੀਵਿਧੀਆਂ ’ਚ ਵਾਧਾ ਹੋਇਆ ਹੈ, ਜਿਸ ’ਚ ਸੁਰੱਖਿਆ ਬਲਾਂ ਅਤੇ ਨਾਗਰਿਕਾਂ ’ਤੇ ਹਮਲੇ ਵੀ ਸ਼ਾਮਲ ਹਨ। ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਬਲੋਚਿਸਤਾਨ ਨੂੰ ਸਰਕਾਰੀ ਪ੍ਰਾਜੈਕਟਾਂ ਅਤੇ ਚੀਨ-ਪਾਕਿਸਤਾਨ ਆਰਥਕ ਗਲਿਆਰੇ ਨੂੰ ਨਿਸ਼ਾਨਾ ਬਣਾ ਕੇ ਲੰਮੇ ਸਮੇਂ ਤੋਂ ਚੱਲ ਰਹੇ ਅਤਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿੰਸਾ ਸੂਬੇ ਦੀ ਸਥਿਰਤਾ ਅਤੇ ਵਿਕਾਸ ਨੂੰ ਭੰਗ ਕਰਨਾ ਜਾਰੀ ਰਖਦੀ ਹੈ।