
ਇਹ ਭਾਰਤੀ ਭਾਵੇਂ ਇਥੇ ਅਪਣਾ ਵਸੇਬਾ ਨਹੀਂ ਕਰ ਸਕੇ, ਪਰ ਉਹ ਸਮੁੰਦਰੀ ਜ਼ਹਾਜ ਦੇ ਵਿਚ ਮਲਾਹ ਦੇ ਤੌਰ 'ਤੇ ਆਏ ਅਤੇ ਅੱਗੇ ਚਲੇ ਗਏ।ਵਿਕਟੋਰੀਆ ਯੂਨੀਵਰਸਟੀ ...
ਆਕਲੈਂਡ, : ਨਿਊਜ਼ੀਲੈਂਡ ਦੇ ਸਰਕਾਰੀ ਰੀਕਾਰਡ ਮੁਤਾਬਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚਲਦਾ ਹੈ, ਪਰ ਇਕ ਨਵੀਂ ਕਿਤਾਬ ਮੁਤਾਬਕ ਸਾਲ 1769 ਦੇ ਵਿਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਅਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿਤੇ ਸਨ।
ਇਹ ਭਾਰਤੀ ਭਾਵੇਂ ਇਥੇ ਅਪਣਾ ਵਸੇਬਾ ਨਹੀਂ ਕਰ ਸਕੇ, ਪਰ ਉਹ ਸਮੁੰਦਰੀ ਜ਼ਹਾਜ ਦੇ ਵਿਚ ਮਲਾਹ ਦੇ ਤੌਰ 'ਤੇ ਆਏ ਅਤੇ ਅੱਗੇ ਚਲੇ ਗਏ।ਵਿਕਟੋਰੀਆ ਯੂਨੀਵਰਸਟੀ ਵਲਿੰਗਟਨ ਵਿਖੇ ਏਸ਼ੀਅਨ ਹਿਸਟਰੀ ਦੇ ਪ੍ਰੋਫ਼ੈਸਰ ਸ਼ੇਖਰ ਬੰਦੀਉਪਧਾਇ ਨੇ ਇਤਿਹਾਸ ਦੇ ਪੰਨਿਆ ਉਤੋਂ ਇਹ ਪਰਦਾ ਚੁਕਿਆ ਹੈ। ਇਹ ਦੋਵੇਂ ਮੁਸਲਿਮ ਸਨ ਜਿਨ੍ਹਾਂ ਦਾ ਨਾਂ ਮੁਹੰਮਦ ਕਾਸਿਮ ਅਤੇ ਨਸਰੀਨ ਸੀ।
ਪਾਂਡੀਚਿਰੀ ਤੋਂ ਚੱਲੇ ਇਕ ਫ਼ਰੈਂਚਸ਼ਿਪ 'ਸੇਂ ਜੀਨ ਬੈਪਟਿਸਟ' ਦੇ ਉਹ ਮਲਾਹ ਸਨ। ਦਸੰਬਰ 1769 ਵਿਚ ਇਹ ਦੋਵੇਂ ਮਲਾਹ ਨਾਰਥਲੈਂਡ ਵਿਖੇ ਉਤਰੇ ਸਨ। ਇਸ ਦੌਰਾਨ ਪਾਣੀ ਵਿਚ ਚਲਦੀ ਇਕ ਬਿਮਾਰੀ ਕਾਰਨ ਇਹ ਦੋਵੇਂ ਮਲਾਹ ਪੇਰੂ ਵਾਸਤੇ ਰਵਾਨਾ ਹੋਏ ਸਨ ਅਤੇ ਬਿਮਾਰੀ ਦੇ ਚਲਦਿਆਂ ਮਾਰੇ ਗਏ। ਸਾਲਾਂਬੱਧੀ ਇਸ ਤਰ੍ਹਾਂ ਹੋਰ ਭਾਰਤੀ ਵੀ ਇਥੇ ਸਮੁੰਦਰੀ ਜਹਾਜਾਂ ਵਿਚ ਆਉਂਦੇ ਰਹੇ ਪਰ ਅਪਣੇ ਵਸੇਬਾ ਨਹੀਂ ਸਨ ਬਣਾਉਂਦੇ। ਜੋ ਸਰਕਾਰੀ ਰਿਕਾਰਡ ਵਿਚ ਪਾਇਆ ਗਿਆ ਉਹ 1809 ਤੇ 1810 ਦੇ ਵਿਚ ਆਉਂਦੇ ਹਨ।
ਇਕ ਮਲਾਹ ਬੇਅ ਆਫ਼ ਪਲੈਂਟੀ ਵਿਖੇ ਸ਼ਿੱਪ ਵਿਚੋਂ ਛਾਲ ਮਾਰ ਕੇ ਬਾਹਰ ਆ ਗਿਆ ਸੀ ਅਤੇ ਇਕ ਮਾਉਰੀ ਔਰਤ ਨਾਲ ਉਸਨੇ ਵਿਆਹ ਕਰਵਾ ਲਿਆ ਸੀ ਤੇ ਇਥੇ ਸੈਟਲ ਹੋ ਗਿਆ ਸੀ। 'ਇੰਡੀਅਨ ਐਂਡ ਦਾ ਐਂਟੀਪੋਡਜ਼' ਨਾਂ ਦੀ ਕਿਤਾਬ ਦੇ ਵਿਚ ਵੱਡਮੁੱਲੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ। ਨਵੀਂ ਕਿਤਾਬ ਦਸਦੀ ਹੈ ਕਿ 19ਵੀਂ ਸਦੀ ਵਿਚ ਭਾਰਤੀ ਇਥੇ ਬ੍ਰਿਟਿਸ਼ ਇੰਪਾਇਰ ਦੇ ਨਾਗਰਿਕ ਹੋਣ ਕਰਕੇ ਆਸਾਨੀ ਨਾਲ ਆਉਂਦੇ ਸਨ।
ਜ਼ਿਕਰਯੋਗ ਹੈ ਕਿ 1840 ਦੇ ਵਿਚ ਇਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਿੱਪ ਆਸਟ੍ਰੇਲੀਆ ਵਲ ਜਾਂਦੇ ਹੋਏ ਨਿਊਜ਼ੀਲੈਂਡ ਵੀ ਆਉਂਦੇ ਸਨ। ਇਸ ਦੌਰਾਨ ਕੁਝ ਮਲਾਹ ਅਤੇ ਸਿਪਾਹੀ ਇਥੇ ਰੁੱਕ ਜਾਂਦੇ ਸਨ। 1880 ਤੋਂ ਪਹਿਲਾਂ ਮਰਦਮਸ਼ੁਮਾਰੀ ਵਿਚ ਭਾਰਤੀਆਂ ਦੀ ਪਛਾਣ ਨਹੀਂ ਸੀ, ਪਰ ਉਨ੍ਹਾਂ ਦੀ ਮੌਜੂਦਗੀ ਜ਼ਰੂਰ ਇਥੇ ਸੀ। 1853 ਵਿਚ ਇਕ ਐਡਵਾਰ ਪੀਟਰ (ਬਲੈਕ ਪੀਟਰ) ਦੇ ਨਾਂ ਵਾਲਾ ਵਿਅਕਤੀ ਇਥੇ ਆਇਆ ਮਿਲਦਾ ਹੈ।
1881 ਦੀ ਮਰਦਮ ਸ਼ੁਮਾਰੀ ਦੇ ਵਿਚ 6 ਭਾਰਤੀ ਮਰਦ ਇਥੇ ਰਹਿੰਦੇ ਸਨ। ਇਨ੍ਹਾਂ ਵਿਚੋਂ ਤਿੰਨ ਕੈਂਟਰਬਰੀ ਖੇਤਰ ਦੇ ਵਿਚ ਭਾਰਤ ਤੋਂ ਪਰਤੇ ਗੋਰਿਆਂ ਦੇ ਨੌਕਰ ਸਨ। 1890 ਤੋਂ ਬਾਅਦ ਇਥੇ ਭਾਰਤੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ। 1896 ਦੇ ਵਿਚ 46 ਵਿਅਕਤੀ ਦਰਜ ਕੀਤੇ ਮਿਲਦੇ ਹਨ। 1916 ਦੇ ਵਿਚ 181 ਜਿਨ੍ਹਾਂ ਵਿਚ 14 ਮਹਿਲਾਵਾਂ ਵੀ ਸ਼ਾਮਲ ਸਨ। ਬਹੁਤੇ ਗੁਜਰਾਤੀ ਸਨ ਪਰ ਜਲੰਧਰ ਅਤੇ ਹੁਸ਼ਿਆਰਪੁਰੀਏ ਵੀ ਇਨ੍ਹਾਂ ਵਿਚ ਸ਼ਾਮਲ ਸਨ। ਸੋ ਇਸ ਤਰ੍ਹਾਂ ਇਥੇ ਭਾਰਤੀਆਂ ਦਾ ਇਤਿਹਾਸ, ਜੋ ਕਿ 125 ਸਾਲ ਪੁਰਾਣਾ ਸਮਝਿਆ ਜਾਂਦਾ ਸੀ, ਉਹ ਹੁਣ 250 ਸਾਲ ਪੁਰਾਣਾ ਹੋ ਗਿਆ ਹੈ।