
ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਸਿੱਖਾਂ ਦੀ ਚਿਰੋਕਣੀ ਮੰਗ ਮੰਨੀ
ਪੇਸ਼ਾਵਰ- ਪਾਕਿਸਤਾਨ ਵਿਚ ਪਹਿਲਾ ਸਿੱਖ ਸਕੂਲ ਸਥਾਪਤ ਹੋਣ ਜਾ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਹ ਇਕਲੌਤਾ ਸਿੱਖ ਸਕੂਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਵਿਚ ਖੋਲ੍ਹਿਆ ਜਾਵੇਗਾ। ਜਾਣਕਾਰੀ ਮੁਤਾਬਕ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਦੇ ਸੂਬਾਈ ਔਕਾਫ਼ ਵਿਭਾਗ ਨੇ ਸਕੂਲ ਦੇ ਨਿਰਮਾਣ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਅਤੇ ਇਸ ਸਕੂਲ ਦੇ ਨਿਰਮਾਣ ਲਈ 22 ਲੱਖ ਰੁਪਏ ਰੱਖੇ ਗਏ ਹਨ।
Pakistan's first Sikh school to be built in Peshawar
ਇਕ ਰਿਪੋਰਟ ਅਨੁਸਾਰ ਸੂਬਾ ਸਰਕਾਰ ਨੇ ਆਪਣੇ ਸਾਲਾਨਾ ਬਜਟ ਵਿਚ ਘੱਟ–ਗਿਣਤੀਆਂ ਦੀ ਭਲਾਈ ਲਈ 5.5 ਕਰੋੜ ਰੁਪਏ ਰੱਖੇ ਹਨ। ਵਿਭਾਗ ਦਾ ਕਹਿਣਾ ਹੈ ਕਿ ਸਿੱਖ ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਭਾਈਚਾਰੇ ਲਈ ਵੱਖਰੇ ਸਕੂਲ ਦੀ ਸਥਾਪਨਾ ਕੀਤੇ ਜਾਣ ਦੀ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਹੀ ਇਹ ਫ਼ੈਸਲਾ ਕੀਤਾ ਗਿਆ ਹੈ। ਸਿੱਖਾਂ ਦੀ ਇਹ ਚਿਰੋਕਣੀ ਮੰਗ ਅਜਿਹੇ ਸਮੇਂ ਪੂਰੀ ਹੋਣ ਜਾ ਰਹੀ ਹੈ ਜਦੋਂ ਨਵੰਬਰ ਮਹੀਨੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਹੀ ਨਹੀਂ ਇਸ ਤੋਂ ਇਲਾਵਾ ਪਾਕਿਸਤਾਨ ਵਿਚ ਸਥਿਤ ਸਿੱਖ ਗੁਰਦੁਆਰਾ ਸਾਹਿਬਾਨ ਦੀ ਮੁਰੰਮਤ ਦਾ ਕੰਮ ਵੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ ਜਿਸ ਕਾਰਨ ਸਿੱਖਾਂ ਵੱਲੋਂ ਪਾਕਿਸਤਾਨ ਸਰਕਾਰ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ ਹੁਣ ਪਾਕਿਸਤਾਨ ਸਰਕਾਰ ਨੇ ਸਿੱਖਾਂ ਲਈ ਵੱਖਰਾ ਸਕੂਲ ਖੋਲ੍ਹੇ ਜਾਣ ਦੀ ਮੰਗ ਮੰਨ ਕੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਇਸ ਨਾਲ ਸਿੱਖ ਬੱਚਿਆਂ ਨੂੰ ਚੰਗੀ ਪੜ੍ਹਾਈ ਹਾਸਲ ਹੋ ਸਕੇਗੀ।