
ਤੁਰਕੀ ਦਾ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਇਹ ਜਾਣਕਾਰੀ ਦਿਤੀ
ਅੰਕਾਰਾ : ਤੁਰਕੀ ਵਿਚ 35,000 ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਵਿਚੋਂ 16,000 ਤੋਂ ਵੱਧ ਨੂੰ ਪਿਛਲੇ 2 ਮਹੀਨਿਆਂ ਵਿਚ ਦੇਸ਼ ਨਿਕਾਲਾ ਦਿਤਾ ਗਿਆ ਹੈ। ਤੁਰਕੀ ਦਾ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਇਹ ਜਾਣਕਾਰੀ ਦਿਤੀ। ਯੇਰਲੀਕਾਇਆ ਨੇ ਏ ਹੈਬਰ ਪ੍ਰਸਾਰਣਕਰਤਾ ’ਤੇ ਇਕ ਟੈਲੀਵਿਜ਼ਨ ’ਤੇ ਕਿਹਾ, ‘ਪਿਛਲੇ 2 ਮਹੀਨਿਆਂ ਵਿਚ ਛਾਪੇਮਾਰੀ ਦੇ ਨਤੀਜੇ ਵਜੋਂ 35,797 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਵਿਚੋਂ 16,018 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਅਤੇ ਹੋਰ 19,502 ਵਿਰੁਧ ਦੇਸ਼ ਨਿਕਾਲਾ ਕੇਂਦਰਾਂ ਵਿਚ ਜ਼ਰੂਰੀ ਪ੍ਰਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ।’
ਮੰਤਰੀ ਨੇ ਅੱਗੇ ਕਿਹਾ ਕਿ ਪ੍ਰਯੋਗ ਵਜੋਂ ਇਸਤਾਂਬੁਲ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਮਾਈਗ੍ਰੇਸ਼ਨ ਮੈਨੇਜਮੈਂਟ ਦੇ 9 ਮੋਬਾਈਲ ਕੇਂਦਰ ਸਥਾਪਤ ਕੀਤੇ ਗਏ ਹਨ, ਜਿਥੇ ਪ੍ਰਵਾਸੀਆਂ ਦੇ ਬਾਇਉਮੈਟ੍ਰਿਕਸ ਅਤੇ ਦੇਸ਼ ਵਿਚ ਪ੍ਰਵਾਸ ਦੀ ਸਥਿਤੀ ਦੀ ਤੁਰਤ ਜਾਂਚ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਕੇਂਦਰਾਂ ਦੀ ਗਿਣਤੀ ਵਧਾ ਕੇ 39 ਕਰਨ ਦੀ ਯੋਜਨਾ ਬਣਾ ਰਿਹਾ ਹੈ। ਨਵੇਂ ਗ੍ਰਹਿ ਮੰਤਰੀ ਦੇ ਅਧੀਨ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣ ਲਈ ਹੁਣ ਰੋਜ਼ਾਨਾ ਛਾਪੇਮਾਰੀ ਕੀਤੀ ਜਾਂਦੀ ਹੈ, ਜਿਸ ਵਿਚ ਸੈਲਾਨੀਆਂ ਦੀਆਂ ਕਿਸ਼ਤੀਆਂ ’ਤੇ ਵੀ ਛਾਪੇਮਾਰੀ ਸ਼ਾਮਲ ਹੈ।
ਯੇਰਲੀਕਾਇਆ ਨੇ ਗ਼ੈਰ-ਕਾਨੂੰਨੀ ਪ੍ਰਵਾਸ ਵਿਰੁਧ ਲੜਾਈ ਨਾ ਰੋਕਣ ਦਾ ਸੰਕਲਪ ਲਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਪਹਿਲਾਂ ਕਿਹਾ ਸੀ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕਾਰਵਾਈ ਦੇ ਨਤੀਜੇ ਵਜੋਂ ਤੁਰਕੀ ਦੇ ਨਾਗਰਿਕ ਜਲਦੀ ਹੀ ਬਦਲਾਅ ਮਹਿਸੂਸ ਕਰਨਗੇ।