
ਇਨ੍ਹਾਂ ਪੀੜਤਾਂ 'ਚ ਅਜਿਹੀਆਂ ਔਰਤਾਂ ਵੀ ਸ਼ਾਮਲ ਹਨ, ਜੋ ਦੋਸ਼ੀ ਡਾਕਟਰ 'ਤੇ ਬਹੁਤ ਜ਼ਿਆਦਾ ਭਰੋਸਾ ਕਰਦੀਆਂ ਸਨ।
ਨਿਊਯਾਰਕ ਸਿਟੀ: ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਮੰਗਲਵਾਰ ਨੂੰ ਇੱਕ 64 ਸਾਲਾ ਗਾਇਨੀਕੋਲੋਜਿਸਟ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਡਾਕਟਰ 'ਤੇ ਲੱਗੇ ਇਲਜ਼ਾਮ ਅਜਿਹੇ ਹਨ ਕਿ ਤੁਹਾਡੇ ਹੋਸ਼ ਉੱਡ ਜਾਣਗੇ। ਇਕ ਨਿਊਜ਼ ਰਿਪੋਰਟ ਮੁਤਾਬਕ ਇਸ ਡਾਕਟਰ ਨੇ ਅਪਣੀਆਂ 200 ਤੋਂ ਵੱਧ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਰੌਬਰਟ ਹੇਡਨ ਮੰਗਲਵਾਰ ਨੂੰ ਨਿਊਯਾਰਕ ਸਿਟੀ ਦੀ ਇੱਕ ਅਦਾਲਤ ਵਿਚ ਉਸ ਸਮੇਂ ਰੋ ਪਿਆ ਜਦੋਂ ਉਸ ਨੂੰ 200 ਤੋਂ ਵੱਧ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਇਕ ਰਿਪੋਰਟ ਮੁਤਾਬਕ ਦੋਸ਼ੀ ਰਾਬਰਟ ਹੇਡਨ ਨਿਊਯਾਰਕ ਸਿਟੀ ਕੋਰਟ ਰੂਮ ਵਿਚ ਅਪਣਾ ਪੱਖ ਰੱਖ ਰਿਹਾ ਸੀ।
ਇੱਕ 64 ਸਾਲਾ ਗਾਇਨੀਕੋਲੋਜਿਸਟ ਨੂੰ ਦੋ ਦਹਾਕਿਆਂ ਤੋਂ ਵੱਧ ਸਮੇਂ ਵਿਚ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ ਪੀੜਤਾਂ 'ਚ ਅਜਿਹੀਆਂ ਔਰਤਾਂ ਵੀ ਸ਼ਾਮਲ ਹਨ, ਜੋ ਦੋਸ਼ੀ ਡਾਕਟਰ 'ਤੇ ਬਹੁਤ ਜ਼ਿਆਦਾ ਭਰੋਸਾ ਕਰਦੀਆਂ ਸਨ।
ਨਿਊਯਾਰਕ ਸਿਟੀ ਕੋਰਟ ਦੇ ਜੱਜ ਰਿਚਰਡ ਐਮ. ਬਰਮਨ ਨੇ ਹੇਡਨ ਨੂੰ ਘਿਣਾਉਣੇ, ਭਿਆਨਕ, ਅਸਧਾਰਨ ਜਿਨਸੀ ਸ਼ੋਸ਼ਣ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦਸਿਆ ਜਾ ਰਿਹਾ ਹੈ ਕਿ ਜੱਜ ਵਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਹੇਡਨ ਉੱਠਿਆ ਅਤੇ ਜੇਲ ਭੇਜਣ ਤੋਂ ਪਹਿਲਾਂ ਬੋਲਣ ਦਾ ਮੌਕਾ ਮੰਗਿਆ।
ਕੁਝ ਸਮਾਂ ਪਹਿਲਾਂ ਪੀੜਤ ਔਰਤਾਂ ਨੇ ਅੱਗੇ ਆ ਕੇ ਦੋਸ਼ੀ ਹੇਡਨ ਵਿਰੁਧ ਮਾਮਲਾ ਦਰਜ ਕਰਵਾਉਣਾ ਸ਼ੁਰੂ ਕਰ ਦਿਤਾ ਸੀ। ਪੀੜਤਾਂ ਵਿਚੋਂ ਇੱਕ ਨੇ ਕਿਹਾ ਕਿ ਰਾਬਰਟ ਹੇਡਨ ਇੱਕ ਚਿੱਟੇ ਕੋਟ ਵਿਚ ਲੁਕਿਆ ਇੱਕ ਜਿਨਸੀ ਸ਼ਿਕਾਰੀ ਹੈ। ਮੁੱਢਲੀ ਜਾਂਚ ਦੌਰਾਨ ਇਸ ਸਾਲ ਜਨਵਰੀ ਵਿਚ ਚਾਰ ਔਰਤਾਂ ਦੀ ਇੰਟਰਵਿਊ ਲਈ ਗਈ ਸੀ। ਇਹ ਵੀ ਦੋਸ਼ ਹੈ ਕਿ ਜਿਨ੍ਹਾਂ ਵੱਡੇ ਹਸਪਤਾਲਾਂ ਵਿਚ ਹੇਡਨ ਕੰਮ ਕਰਦਾ ਸੀ, ਉਨ੍ਹਾਂ ਨੇ ਹੇਡਨ ਦਾ ਸਮਰਥਨ ਕੀਤਾ।
ਦਸਿਆ ਜਾਂਦਾ ਹੈ ਕਿ ਪੀੜਤਾਂ ਵਿਚ ਕਈ ਗਰਭਵਤੀ ਔਰਤਾਂ ਸਨ ਅਤੇ ਕਈ ਹੋਰ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੀਆਂ ਸਨ। ਸ਼ਿਕਾਇਤ ਕਰਨ ਵਾਲੀਆਂ ਔਰਤਾਂ ਵਿਚ ਇੱਕ ਸੱਤ ਮਹੀਨੇ ਦੀ ਗਰਭਵਤੀ ਔਰਤ ਵੀ ਸੀ ਜਿਸ ਦੇ ਪਤੀ ਦਾ ਅਮਰੀਕੀ ਰਾਜਨੀਤੀ ਵਿਚ ਸਰਗਰਮ ਪ੍ਰਭਾਵ ਹੈ। ਅਸਿਸਟੈਂਟ ਅਮਰੀਕੀ ਅਟਾਰਨੀ ਜੇਨ ਕਿਮ ਨੇ ਕਿਹਾ ਕਿ ਹੇਡਨ ਨੇ ਅਜੇ ਤੱਕ ਅਪਣੇ ਅਪਰਾਧਾਂ ਨੂੰ ਕਬੂਲ ਨਹੀਂ ਕੀਤਾ ਹੈ। ਉਹ ਅਜੇ ਵੀ ਜਿਨਸੀ ਨਪੁੰਸਕਤਾ ਤੋਂ ਪੀੜਤ ਹੈ।
ਉਸ ਨੇ ਅਦਾਲਤ ਵਿਚ ਕਿਹਾ ਕਿ ਉਹ ਬਹੁਤ ਕੁਝ ਕਹਿਣਾ ਚਾਹੁੰਦਾ ਸੀ, ਪਰ ਉਸ ਦੇ ਵਕੀਲਾਂ ਨੇ ਅਪਣੀ ਟਿੱਪਣੀ ਸੰਖੇਪ ਰੱਖਣ ਦੀ ਸਲਾਹ ਦਿਤੀ। ਉਨ੍ਹਾਂ ਕਿਹਾ ਕਿ ਮੈਂ ਪੀੜਤਾਂ ਨੂੰ ਜੋ ਤਕਲੀਫ਼ ਪਹੁੰਚਾਈ ਹੈ, ਉਸ ਲਈ ਮੈਨੂੰ ਅਫ਼ਸੋਸ ਹੈ। ਇਸ ਤੋਂ ਬਾਅਦ ਦੋਸ਼ੀ ਹੇਡਨ ਉੱਚੀ-ਉੱਚੀ ਰੋਣ ਲੱਗਾ ਅਤੇ ਫਿਰ ਸਿਰ ਹੇਠਾਂ ਕਰ ਕੇ ਬੈਠ ਗਿਆ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੇਡਨ ਦੇ ਅਪਰਾਧ 1987 ਵਿਚ ਸ਼ੁਰੂ ਹੋਏ, ਜਦੋਂ ਹੇਡਨ ਕੋਲੰਬੀਆ-ਪ੍ਰੇਸਬੀਟੇਰੀਅਨ ਲਈ ਕੰਮ ਕਰਦਾ ਸੀ। ਉਸ ਨੇ ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ ਅਤੇ ਹੋਰ ਵੱਡੇ ਹਸਪਤਾਲਾਂ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਵੀ ਕੀਤਾ।