
ਤੁਰਕੀ ਦੇ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਭੂਮੱਧ ਸਾਗਰ ਦੇ ਤੱਟ 'ਤੇ ਸਥਿਤ ਸੂਬੇ ਮਾਇਰਸਿਨ ਦੇ ਮੇਜਤਲੀ ਜ਼ਿਲ੍ਹੇ 'ਚ 26 ਸਤੰਬਰ ਦੀ ਦੇਰ ਰਾਤ ਹੋਇਆ
ਅੰਕਾਰਾ- ਦੱਖਣੀ ਤੁਰਕੀ 'ਚ ਦੋ ਸ਼ੱਕੀ ਕੁਰਦ ਮਹਿਲਾ ਅੱਤਵਾਦੀਆਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਅਤੇ ਬਾਅਦ 'ਚ ਖ਼ੁਦ ਨੂੰ ਵਿਸਫ਼ੋਟਕਾਂ ਨਾਲ ਉਡਾ ਲਿਆ। ਤੁਰਕੀ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਹਮਲੇ 'ਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਅਧਿਕਾਰੀ ਅਤੇ ਇੱਕ ਆਮ ਨਾਗਰਿਕ ਜ਼ਖਮੀ ਹੋ ਗਏ।
ਤੁਰਕੀ ਦੇ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਭੂਮੱਧ ਸਾਗਰ ਦੇ ਤੱਟ 'ਤੇ ਸਥਿਤ ਸੂਬੇ ਮਾਇਰਸਿਨ ਦੇ ਮੇਜਤਲੀ ਜ਼ਿਲ੍ਹੇ 'ਚ ਸੋਮਵਾਰ 26 ਸਤੰਬਰ ਦੀ ਦੇਰ ਰਾਤ ਹੋਇਆ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਪਾਬੰਦੀਸ਼ੁਦਾ ਕੁਰਦਿਸਤਾਨ ਵਰਕਰਜ਼ ਪਾਰਟੀ ਨਾਲ ਸੰਬੰਧਿਤ ਦੋ ਔਰਤਾਂ ਨੇ ਦਿੱਤਾ।ਹਮਲਾਵਰਾਂ ਨੇ ਹੋਟਲ ਦੀ ਸੁਰੱਖਿਆ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਸ਼ੱਕੀਆਂ ਦਾ ਮੌਕੇ 'ਤੇ ਪਹੁੰਚੇ ਹੋਰ ਸੁਰੱਖਿਆ ਕਰਮਚਾਰੀਆਂ ਨਾਲ ਟਕਰਾਅ ਹੋ ਗਈ।
ਟਕਰਾਅ ਦੌਰਾਨ ਦੋਵੇਂ ਮਹਿਲਾ ਅੱਤਵਾਦੀ ਜ਼ਖ਼ਮੀ ਹੋ ਗਈਆਂ, ਅਤੇ ਉਹ ਜਾਣ ਚੁੱਕੀਆਂ ਸੀ ਕਿ ਉਹ ਬਚ ਕੇ ਨਿੱਕਲ ਨਹੀਂ ਸਕਦੀਆਂ। ਇਸ ਕਰਕੇ ਉਨ੍ਹਾਂ ਦੋਵਾਂ ਨੇ ਖ਼ੁਦ ਨੂੰ ਬੰਬਾਂ ਨਾਲ ਉਡਾ ਲਿਆ। ਇਸ ਦੌਰਾਨ ਵਾਰਦਾਤ ਵਾਲੀ ਥਾਂ ਦੇ ਨੇੜੇ ਬਾਲਕੋਨੀ ਵਿੱਚ ਖੜ੍ਹੀ ਇੱਕ ਔਰਤ ਨੂੰ ਵੀ ਗੋਲ਼ੀ ਲੱਗੀ। ਇਸ ਮਾਮਲੇ 'ਤੇ ਅੱਤਵਾਦੀ ਸਮੂਹ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਪ੍ਰਾਪਤ ਹੋਈ।