ਹਾਲ ਅੰਦਰ ਆਤਿਸ਼ਬਾਜ਼ੀ ਕਾਰਨ ਲੱਗੀ ਅੱਗ
ਮੋਸੁਲ (ਇਰਾਕ): ਉੱਤਰੀ ਇਰਾਕ ’ਚ ਈਸਾਈ ਵਿਆਹ ਪ੍ਰੋਗਰਾਮ ਦੌਰਾਨ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਮਹਿਮਾਨਾਂ ਨਾਲ ਭਰੇ ਹਾਲ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘੱਟ ਤੋਂ ਘੱਟ 100 ਲੋਕਾ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਘਟਨਾ ਇਰਾਕ ਦੇ ਨਿਨਵੇ ਸੂਬੇ ਦੇ ਹਮਦਾਨਿਆ ਇਲਾਕੇ ਦੀ ਹੈ। ਇਹ ਸੂਬਾ ਉੱਤਰੀ ਸ਼ਹਿਰ ਮੋਸੁਲ ਤੋਂ ਬਿਲਕੁਲ ਬਾਹਰੀ ਇਲਾਕੇ ’ਚ ਵਸਿਆ ਇਕ ਇਸਾਈ ਬਹੁਗਿਣਤੀ ਇਲਾਕਾ ਹੈ, ਜੋ ਕਿ ਦੇਸ਼ ਦੀ ਰਾਜਧਾਨੀ ਬਗਦਾਦ ਤੋਂ 335 ਕਿਲੋਮੀਟਰ ਦੂਰ ਉੱਤਰ-ਪੱਛਮ ’ਚ ਹੈ।
ਅੱਗ ਲੱਗਣ ਦੇ ਕਾਰਨ ’ਤੇ ਫ਼ਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਕ ਟੈਲੀਵਿਜ਼ਨ ਨਿਊਜ਼ ਚੈਨਲ ’ਤੇ ਪ੍ਰਸਾਰਿਤ ਹੋ ਰਹੇ ਇਕ ਫ਼ੁਟੇਜ ’ਚ ਪ੍ਰੋਗਰਾਮ ਵਾਲੀ ਥਾਂ ’ਤੇ ਆਤਿਸ਼ਬਾਜ਼ੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਇਕ ਪਾਸੇ ਝੂਮਰ ’ਚ ਅੱਗ ਲਗਦੀ ਦਿਸ ਰਹੀ ਹੈ। ਫ਼ੁਟੇਜ ’ਚ ਘਟਨਾ ਤੋਂ ਬਾਅਦ ਬਿਖਰਿਆ ਮਲਬਾ, ਟੈਲੀਵਿਜ਼ਨ ਦੇ ਕੈਮਰੇ ਅਤੇ ਘਟਨਾ ਤੋਂ ਬਾਅਦ ਉਥੋਂ ਲੰਘ ਰਹੇ ਲੋਕਾਂ ਦੇ ਮੋਬਾਈਲ ਫ਼ੋਨ ਦੀ ਰੌਸ਼ਨੀ ਦਿਸ ਰਹੀ ਹੈ।
ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ ’ਤੇ ਰਖਿਆ ਗਿਆ ਹੈ। ਜ਼ਖ਼ਮੀਆਂ ਲਈ ਹੋਰ ਆਕਸੀਜਨ ਸਿਲੰਡਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੱਗ ਦੀ ਚਪੇਟ ’ਚ ਆਉਣ ਵਾਲਿਆਂ ’ਚ ਕੁਝ ਬੱਚੇ ਵੀ ਸ਼ਾਮਲ ਹਨ। ਸਥਾਨਕ ਨਿਊਜ਼ ਚੈਨਲ ਦੇ ਹੋਰ ਫ਼ੁਟੇਜ ’ਚ ਵਿਖਾਇਆ ਗਿਆ ਹੈ ਕਿ ਮੰਗਲਵਾਰ ਦੀ ਰਾਜ ਜਦੋਂ ਅੱਗ ਲੱਗੀ ਤਾਂ ਡਾਂਸ ਫ਼ਲੋਰ ’ਤੇ ਮੌਜੂਦ ਲਾੜਾ-ਲਾੜੀ ਹੈਰਾਨ ਰਹਿ ਗਏ। ਹਾਲਾਂਕਿ ਇਹ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਦੋਵੇਂ ਮਾਰੇ ਗਏ ਲੋਕਾਂ ’ਚ ਸ਼ਾਮਲ ਹਨ ਜਾਂ ਨਹੀਂ।
ਇਕ ਜ਼ਖ਼ਮੀ ਔਰਤ ਨੇ ਹਸਪਤਾਲ ’ਚ ਦਸਿਆ, ‘‘ਅਸੀਂ ਉਥੇ ਨੱਚਣ ਲਈ ਜਾਣ ਹੀ ਵਾਲੇ ਸੀ ਕਿ ਇਕ ਅਜਿਹਾ ਚੀਜ਼ ਬਾਲੀ ਗਈ ਜਿਸ ਨਾਲ ਉਥੇ ਅੱਗ ਲੱਗ ਗਈ।’’ ਇਕ ਹੋਰ ਵਿਅਕਤੀ ਨੇ ਦਸਿਆ ਕਿ ਅੱਗ ਉਦੋਂ ਲੱਗੀ ਜਦੋਂ ਜੋੜੇ ਨੱਚਣ ਲਈ ਤਿਆਰ ਹੋ ਰਹੇ ਸਨ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਉਹ ਛੱਤ ਤਕ ਪੁੱਜੀ ਅਤੇ ਅੱਜ ਲੱਗ ਗਈ। ਕੁਝ ਹੀ ਸਕਿੰਟਾਂ ’ਚ ਅੱਗ ਪੂਰੇ ਭਵਨ ’ਚ ਫੈਲ ਗਈ।’’
ਨਿਨਵੇ ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 114 ਤਕ ਪਹੁੰਚ ਗਈ ਹੈ। ਹਾਲਾਂਕਿ, ਸੰਘੀ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ (100) ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ-ਬਦਰ ਨੇ ਇਸ ਤੋਂ ਪਹਿਲਾਂ ਇਰਾਕ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਸੀ ਕਿ ਜ਼ਖਮੀਆਂ ਦੀ ਗਿਣਤੀ 150 ਹੈ। ਅਲ-ਬਦਰ ਨੇ ਕਿਹਾ, ‘‘ਇਸ ਦੁਖਦਾਈ ਘਟਨਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’
ਸੂਬੇ ਦੇ ਇਕ ਸਿਹਤ ਅਧਿਕਾਰੀ ਅਹਿਮਦ ਦੁਬਰਦਾਨੀ ਨੇ ਨਿਊਜ਼ ਚੈਨਲ ਨੂੰ ਦਸਿਆ ਕਿ ਜ਼ਖਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਦੁਬਾਰਦਾਨੀ ਨੇ ਕਿਹਾ, ‘‘ਇਨ੍ਹਾਂ ’ਚੋਂ ਬਹੁਤੇ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਕੁਝ 50 ਤੋਂ 60 ਫ਼ੀ ਸਦੀ ਸੜ ਚੁੱਕੇ ਹਨ।’’ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਆਨਲਾਈਨ ਜਾਰੀ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।
ਨਿਨਵੇ ਦੇ ਗਵਰਨਰ ਨਾਜ਼ਿਮ ਅਲ-ਜੁਬੌਰੀ ਨੇ ਕਿਹਾ ਕਿ ਬਹੁਤ ਸਾਰੇ ਜ਼ਖਮੀਆਂ ਨੂੰ ਖੇਤਰੀ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮ੍ਰਿਤਕਾਂ ਦਾ ਅੰਤਿਮ ਅੰਕੜਾ ਨਹੀਂ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।
ਹਮਦਾਨੀਆ ਇਰਾਕ ਦੇ ਨੀਨਵੇਹ ਮੈਦਾਨੀ ਖੇਤਰ ’ਤੇ ਸਥਿਤ ਹੈ ਅਤੇ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਹੈ। ਹਾਲਾਂਕਿ, ਇਰਾਕ ਦੀ ਅਰਧ ਖੁਦਮੁਖਤਿਆਰੀ ਕੁਰਦ ਖੇਤਰੀ ਸਰਕਾਰ ਇਸ ਨੂੰ ਅਪਣਾ ਦਾਅਵਾ ਕਰਦੀ ਹੈ। ਕੁਰਦ ਖੇਤਰ ਦੇ ਪ੍ਰਧਾਨ ਮੰਤਰੀ ਮਸਰੂਰ ਬਰਜ਼ਾਨੀ ਨੇ ਹਸਪਤਾਲਾਂ ਨੂੰ ਜ਼ਖਮੀਆਂ ਦੀ ਮਦਦ ਕਰਨ ਦੇ ਹੁਕਮ ਦਿਤੇ ਹਨ।
ਵਿਵਾਦਗ੍ਰਸਤ ਸਮਾਰੋਹ ਵਿਚ ਮੌਜੂਦ ਪਾਦਰੀ ਫਾਦਰ ਰੂਡੀ ਸਫਰ ਖੋਰੀ ਨੇ ਕਿਹਾ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਗ ਲਈ ਕੌਣ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ, ‘‘ਇਹ ਸੰਭਵ ਹੈ ਕਿ ਅੱਗ ਪ੍ਰਬੰਧਕਾਂ ਦੀ ਕਿਸੇ ਗਲਤੀ ਕਾਰਨ ਲੱਗੀ ਹੋਵੇ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਲੱਗੀ ਹੋਵੇ। ਇਹ ਸਪੱਸ਼ਟ ਨਹੀਂ ਹੈ ਕਿ ਅੱਗ ਲਈ ਕੌਣ ਜ਼ਿੰਮੇਵਾਰ ਹੈ। ਪਰ ਜੋ ਹੋਇਆ ਉਹ ਭਿਆਨਕ ਹੈ।’’
ਇਰਾਕੀ ਨਿਊਜ਼ ਏਜੰਸੀ ਨੇ ਸਿਵਲ ਡਿਫੈਂਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਵਿਆਹ ਵਾਲੀ ਥਾਂ ਦੇ ਬਾਹਰੀ ਹਿੱਸੇ ਦੀ ਸਜਾਵਟ ’ਚ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜੋ ਦੇਸ਼ ’ਚ ਗੈਰ-ਕਾਨੂੰਨੀ ਹੈ। ਇਕ ਸਿਵਲ ਡਿਫੈਂਸ ਅਧਿਕਾਰੀ ਨੇ ਕਿਹਾ, ‘‘ਬਹੁਤ ਜਲਣਸ਼ੀਲ ਸਮੱਗਰੀ ਅਤੇ ਘੱਟ ਕੀਮਤ ਵਾਲੀ ਉਸਾਰੀ ਸਮੱਗਰੀ ਦੀ ਵਰਤੋਂ ਦੇ ਨਤੀਜੇ ਵਜੋਂ ਅੱਗ ਥੋੜ੍ਹੇ ਸਮੇਂ ’ਚ ਹੀ ਬਹੁਤ ਜ਼ਿਆਦਾ ਫੈਲ ਗਈ। ਅੱਗ ਲੱਗਣ ਕਾਰਨ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ।’’