
ਮਤੇ ਨੂੰ ਮਨਜ਼ੂਰੀ ਮਿਲਣ ’ਤੇ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
US Green Card : ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵਾਇਟ ਹਾਊਸ ਨੇ US Green Card green card application process ਦੇ ਸ਼ੁਰੂਆਤੀ ਪੜਾਅ ’ਚ ਹੀ ਇਕ ਰੁਜ਼ਗਾਰ ਅਥਾਰਟੀ ਦਸਤਾਵੇਜ਼ ਅਤੇ ਹੋਰ ਜ਼ਰੂਰੀ ਯਾਤਰਾ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਜੇਕਰ ਇਸ ਮਤੇ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਭਾਰਤੀਆਂ ਸਮੇਤ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਲਈ ਵੱਡੀ ਰਾਹਤ ਹੋਵੇਗੀ। ‘ਵਾਇਟ ਹਾਊ ਕਮਿਸ਼ਨ ਫ਼ਾਰ ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨ ਅਤੇ ਪੈਸੇਫ਼ਿਕ ਆਇਲੈਂਡਰ ਅਫ਼ੇਅਰਜ਼’ (ਏ.ਏ.ਏ.ਐਨ.ਐਚ.ਪੀ.ਆਈ.) ਨੇ ਇਸ ਨਾਲ ਸਬੰਧਤ ਸਿਫ਼ਾਰਸ਼ ਨੂੰ ਵੀਰਵਾਰ ਨੂੰ ਮਨਜ਼ੁਰੀ ਦੇ ਦਿਤੀ।
ਕੀ ਹੁੰਦਾ ਹੈ ਗ੍ਰੀਨ ਕਾਰਡ?
ਗ੍ਰੀਨ ਕਾਰਡ ਨੂੰ ਅਧਿਕਾਰਕ ਤੌਰ ’ਤੇ ਪੱਕੇ ਵਾਸੀ ਕਾਰਡ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਹ ਅਮਰੀਕਾ ’ਚ ਪ੍ਰਵਾਸੀਆਂ ਨੂੰ ਇਸ ਗੱਲ ਦੇ ਸਬੂਤ ਦੇ ਤੌਰ ’ਤੇ ਜਾਰੀ ਕੀਤਾ ਜਾਣ ਵਾਲਾ ਇਕ ਦਸਤਾਵੇਜ਼ ਹੈ ਕਿ ਕਾਰਡਧਾਰਕ ਨੂੰ ਦੇਸ਼ ’ਚ ਸਥਾਈ ਰੂਪ ’ਚ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿਤਾ ਗਿਆ ਹੈ। ਏ.ਏ.ਏ.ਐਨ.ਐਚ.ਪੀ.ਆਈ. ਦੀ ਇਸ ਹਫ਼ਤੇ ਹੋਈ ਹਾਲੀਆ ਬੈਠਕ ’ਚ ਇਹ ਮਤਾ ਪੇਸ਼ ਕਰਨ ਵਾਲੇ ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ ਅਜੈ ਜੈਨ ਭੁਟੋਰੀਆ ਨੇ ਕਿਹਾ ਕਿ ਗ੍ਰੀਨ ਕਾਰਡ ਬਿਨੈ ਪ੍ਰਕਿਰਿਆ ਦੇ ਕਈ ਪੜਾਅ ਹਨ ਅਤੇ ਇਹ ਪ੍ਰਕਿਰਿਆ ਰੁਜ਼ਗਾਰਦਾਤਾਵਾਂ ਵਲੋਂ ‘ਆਈ-140’ ਬਿਨੈ ਦਾਖ਼ਲ ਕਰਨ ਤੋਂ ਸ਼ੁਰੂ ਹੁੰਦੀ ਹੈ ਅਤੇ ਅਗਲਾ ਮਹੱਤਵਪੂਰਨ ਪੜਾਅ ‘ਆਈ-485’ (ਸਥਿਤੀ ਸਮਾਯੋਜਨ ਦਾ ਬਿਨੈ) ਹੈ।
ਵਰਤਮਾਨ ’ਚ ਕੀ ਹਨ ਨਿਯਮ?
ਉਨ੍ਹਾਂ ਕਿਹਾ ਕਿ ਵਰਤਮਾਨ ’ਚ ਇਸੇ ਪੜਾਅ ’ਚ ਉਨ੍ਹਾਂ ਨੂੰ ਅਪਣਾ ਰੁਜ਼ਗਾਰ ਅਥਾਰਟੀ ਕਾਰਡ (ਈ.ਏ.ਡੀ.) ਅਤੇ ਯਾਤਰਾ ਦਸਤਾਵੇਜ਼ ‘ਅਗਾਊਂ ਪੈਰੋਲ’ ਮਿਲਦੀ ਹੈ, ਜੋ ਉਨ੍ਹਾਂ ਨੂੰ ਗ੍ਰੀਨ ਕਾਰਡ ਬਿਨੈ ਦੀ ਪ੍ਰਕਿਰਿਆ ਪੂਰੀ ਹੋਣ ਤਕ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਮਤੇ ’ਚ ‘ਆਈ-140’ ਪੜਾਅ ’ਚ ਹੀ ਈ.ਏ.ਡੀ. ਅਤੇ ਯਾਤਰਾ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇਸ ਮਤੇ ਨੂੰ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਹ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਲਈ ਇਕ ਵੱਡੀ ਰਾਹਤ ਹੋਵੇਗੀ। ਦਰਅਸਲ, ਵੱਡੀ ਗਿਣਤੀ ’ਚ ਵਿਦੇਸ਼ੀ ਪੇਸ਼ੇਵਰ, ਖ਼ਾਸ ਕਰ ਕੇ ਭਾਰਤੀ-ਅਮਰੀਕੀ ਅਜਿਹੇ ਹਨ ਜਿਨ੍ਹਾਂ ਨੂੰ ਗ੍ਰੀਨ ਕਾਰਡ ਲਈ ਦਹਾਕਿਆਂ ਤਕ ਉਡੀਕ ਕਰਨੀ ਪੈਂਡੀ ਹੈ।