ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ੀਅਮ ’ਚ ਕੀਤੀ ਸੀ ਚੋਰੀ
ਪੈਰਿਸ (ਸ਼ਾਹ) : ਫਰਾਂਸ ਦੀ ਰਾਜਧਾਨੀ ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਚੋਰੀ 19 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦੋਂ ਮਿਊਜ਼ੀਅਮ ਹਾਲੇ ਖੁੱਲਿ੍ਹਆ ਹੀ ਸੀ। ਚੋਰ ਇੱਥੋਂ 8 ਕੀਮਤੀ ਗਹਿਣੇ ਚੋਰੀ ਕਰਕੇ ਲੈ ਗਏ ਸੀ, ਜਿਨ੍ਹਾਂ ਦੀ ਕੀਮਤ 102 ਮਿਲੀਅਨ ਡਾਲਰ ਦੱਸੀ ਜਾ ਰਹੀ ਐ।
ਦੁਨੀਆ ਦੇ ਸਭ ਤੋਂ ਵੱਡੇ ਆਰਟ ਮਿਊਜ਼ੀਅਮ ਲੂਵਰ ਵਿਚ ਕੀਮਤੀ ਗਹਿਣਿਆਂ ਦੀ ਚੋਰੀ ਕਰਨ ਵਾਲੇ ਦੋ ਸ਼ਾਤਿਰ ਚੋਰਾਂ ਨੂੰ ਫਰਾਂਸ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਚੋਰਾਂ ਨੇ 19 ਅਕਤੂਬਰ ਦੇ ਦਿਨ ਮਿਊਜ਼ੀਅਮ ਵਿਚ ਦਾਖ਼ਲ ਹੋ ਕੇ 8 ਬੇਸ਼ਕੀਮਤੀ ਚੋਰੀ ਕਰ ਲਏ ਸੀ, ਜਿਨ੍ਹਾਂ ਦੀ ਕੀਮਤ ਭਾਰਤੀ ਰੁਪਏ ਵਿਚ 895 ਕਰੋੜ ਰੁਪਏ ਦੱਸੀ ਜਾਂਦੀ ਐ। ਜਾਣਕਾਰੀ ਅਨੁਸਾਰ ਪੈਰਿਸ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਇਕ ਸਪੈਸ਼ਲ ਪੁਲਿਸ ਯੂਨਿਟ ਬੀਆਰਬੀ ਨੂੰ ਨੂੰ ਸੌਂਪੀ ਸੀ, ਜੋ ਵੱਡੀਆਂ ਡਕੈਤੀਆਂ ਅਤੇ ਲੁੱਟ ਦੇ ਮਾਮਲਿਆਂ ਦੀ ਜਾਂਚ ਕਰਦੀ ਐ। ਇਸ ਯੂਨਿਟ ਦੇ ਜਵਾਨਾਂ ਨੇ ਇਨ੍ਹਾਂ ਚੋਰਾਂ ਵਿਚੋਂ ਇਕ ਨੂੰ ਪੈਰਿਸ ਚਾਰਲਸ ਡੀ ਗਾਲ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਜਦਕਿ ਦੂਜੇ ਚੋਰ ਨੂੰ ਪੈਰਿਸ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।
ਚੋਰਾਂ ਵੱਲੋਂ ਇਸ ਘਟਨਾ ਨੂੰ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ। ਚੋਰਾਂ ਨੇ ਮਿਊਜ਼ੀਅਮ ਦੇ ਉਪਰ ਦੀ ਮੰਜ਼ਿਲ ’ਤੇ ਇਕ ਖਿੜਕੀ ਨੂੰ ਕ੍ਰੇਨ ਨਾਲ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਗਹਿਣੇ ਚੋਰੀ ਕਰ ਲਏ। ਚੋਰ ਚੋਰੀ ਤੋਂ ਬਾਅਦ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸੀ। ਮਹਿਜ਼ 4 ਮਿੰਟਾਂ ਦੇ ਅੰਦਰ ਹੀ ਚੋਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਸੇ ਦਿਨ ਤੋਂ ਪੁਲਿਸ ਵੱਲੋਂ ਇਨ੍ਹਾਂ ਸ਼ਾਤਿਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ। ਚੋਰਾਂ ਵੱਲੋਂ ਮਿਊਜ਼ੀਅਮ ਵਿਚੋਂ ਚੋਰੀ ਕੀਤੇ ਗਏ ਸਮਾਨ ਵਿਚ ਕੁਈਨ ਮੈਰੀ ਅਮੇਲੀਆ ਅਤੇ ਕੁਈਨ ਹਾਰਟੈਂਸ ਦਾ ਤਾਜ, ਨੀਲਮ ਦਾ ਹਾਰ, ਨੀਲਮ ਦਾ ਝੁਮਕਾ, ਇੰਪ੍ਰੈੱਸ ਮੈਰੀ ਲੂਈਸ ਦਾ ਪੰਨਿਆਂ ਵਾਲਾ ਹਾਰ, ਪੰਨਿਆਂ ਵਾਲੇ ਝੁਮਕਿਆਂ ਦੀ ਜੋੜੀ, ਰਿਲਕਵਰੀ ਨਾਂਅ ਦਾ ਕੀਮਤੀ ਬ੍ਰੋਚ, ਇੰਪ੍ਰੈੱਸ ਯੂਜ਼ਿਨੀ ਦਾ ਵੱਡਾ ਕਾਰਸਾਜ਼ ਬੋਅ ਬ੍ਰੋਚ, ਇੰਪ੍ਰੈੱਸ ਯੂਜ਼ਿਨੀ ਦਾ ਤਾਜ ਸ਼ਾਮਲ ਨੇ। ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਦੋਵੇਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਐ ਤਾਂਕਿ ਪੂਰੇ ਮਾਮਲੇ ਦਾ ਪਤਾ ਚੱਲ ਸਕੇ।
