
ਨਵੇਂ ਰੂਪ ਨੂੰ ‘ਖ਼ਤਰਨਾਕ’ ਐਲਾਨਣ ਬਾਰੇ ਕਰ ਸਕਦੈ ਫ਼ੈਸਲਾ
ਜੇਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਸਲਾਹਕਾਰ ਦਖਣੀ ਅਫ਼ਰੀਕਾ ’ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਇਕ ਨਵੇਂ ਚਿੰਤਾਜਨਕ ਰੂਪ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨ ਲਈ ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਆਯੋਜਤ ਕਰ ਰਹੇ ਹਨ। ਹਾਲਾਂਕਿ ਇਕ ਚੋਟੀ ਦੇ ਮਾਹਰ ਦਾ ਕਹਿਣਾ ਹੈ ਕਿ ਕੋਵਿਡ-19 ਰੋਕੂ ਟੀਕਿਆਂ ਦਾ ਇਸ ਵੇਰੀਐਂਟ ’ਤੇ ਅਸਰ ਦਾ ਪਤਾ ਲੱਗਣ ’ਚ ਹਫ਼ਤੇ ਲੱਗ ਜਾਣਗੇ।
WHO
ਕੋਵਿਡ-19 ਸੰਬੰਧੀ ਤਕਨੀਕੀ ਸਲਾਹਕਾਰ ਸਮੂਹ ਦੀ ਅਖੌਤੀ ਬੀ.1.1.529 ਵੇਰੀਐਂਟ ’ਤੇ ਚਰਚਾ ਲਈ ਡਿਜੀਟਲ ਬੈਠਕ ਹੋ ਰਹੀ ਹੈ। ਇਸ ਨਵੇਂ ਵੇਰੀਐਂਟ ਕਾਰਨ ਯੂਰਪੀਨ ਯੂਨੀਅਨ ਨੂੰ ਦਖਣੀ ਅਫ਼ਰੀਕਾ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾਉਣ ਦੀ ਸਿਫ਼ਾਰਸ਼ ਕਰਨੀ ਪਈ ਹੈ। ਡਬਲਿਊ.ਐਚ.ਓ. ਦਾ ਸਮੂਹ ਫ਼ੈਸਲਾ ਲੈ ਸਕਦਾ ਹੈ ਕਿ ਕੀ ਇਹ ਡੈਲਟਾ ਵੇਰੀਐਂਟ ਦੀ ਤਰ੍ਹਾਂ ‘ਚਿੰਤਾਜਨਕ ਵੇਰੀਐਂਟ’ ਹੈ ਅਤੇ ਕੀ ਇਸ ਦਾ ਵਰਗੀਕਰਨ ਕਰਨ ਲਈ ਗ੍ਰੀਕ ਸ਼ਬਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
Maria Van Kerkhove
ਕੋਵਿਡ-19 ’ਤੇ ਡਬਲਿਊ.ਐਚ.ਓ. ਦੀ ਤਕਨੀਕੀ ਮੁਖੀ ਮਾਰੀਆ ਵਾਨ ਨੇ ਕਿਹਾ ਕਿ ਅਸੀਂ ਅਜੇ ਤਕ ਇਸ ਦੇ ਬਾਰੇ ’ਚ ਜ਼ਿਆਦਾ ਨਹੀਂ ਜਾਣਦੇ ਹਨ। ਅਸੀਂ ਅਜੇ ਜਾਣਦੇ ਹਾਂ ਕਿ ਇਹ ਅਜਿਹਾ ਵੇਰੀਐਂਟ ਹੈ ਜੋ ਵੱਡੀ ਗਿਣਤੀ ’ਚ ਪਰਿਵਰਤਨ ਕਰਦਾ ਹੈ ਅਤੇ ਇਹ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਝਣ ਲਈ ਕੁਝ ਹਫ਼ਤਿਆਂ ਦਾ ਸਮਾਂ ਲਗੇਗਾ ਕਿ ਇਸ ਵੇਰੀਐਂਟ ’ਤੇ ਟੀਕਿਆਂ ਦਾ ਕੀ ਅਸਰ ਪੈਂਦਾ ਹੈ। ਸਲਾਹਕਾਰ ਸਮੂਹ ਦੇ ਪ੍ਰਧਾਨ ਡਾ. ਅਨੁਰਾਗ ਅਗਰਵਾਲ ਨੇ ਫ਼ੋਨ ’ਤੇ ਕਿਹਾ ਕਿ ਇਸ ਵੇਰੀਐਂਟ ’ਤੇ ਟਿੱਪਣੀ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ।
WHO
ਉਨ੍ਹਾਂ ਕਿਹਾ ਕਿ ਅਜੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਨਵੇਂ ਰੂਪ ਨੇ ਵਿਸ਼ਵ ਭਰ ’ਚ ਪੈਰ ਪਸਾਰਣੇ ਸ਼ੁਰੂ ਕਰ ਦਿਤੇ ਹਨ। ਇਸ ਵੇਲੇ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਇਸ ਰੂਪ ਨਾਲ ਲੋਕ ਪੀੜਤ ਹੋ ਰਹੇ ਹਨ। ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਟੀਕਾਕਰਨ ਕਰਵਾ ਲਿਆ ਹੈ, ਉਹ ਵੀ ਇਸ ਨਾਲ ਪੀੜਤ ਹੋ ਰਹੇ ਹਨ। ਅੱਜ ਇਸੇ ਕਾਰਨ ਬਰਤਾਨੀਆ ਨੇ ਕਈ ਅਫ਼ਰੀਕੀ ਦੇਸ਼ਾਂ ਦੀ ਉਡਾਣਾਂ ’ਤੇ ਪਾਬੰਦੀ ਲਾ ਦਿਤੀ। ਵਿਸ਼ਵ ਸਿਹਤ ਸੰਗਠਨ ਨੂੰ ਡਰ ਹੈ ਕਿ ਇਹ ਤੇਜ਼ੀ ਨਾਲ ਨਾ ਫੈਲ ਜਾਵੇ।