
ਨਿਰੰਕੁਸ਼ਤਾ ਦੀ ਚਪੇਟ ਵਾਲੇ ਸਮਾਜ ’ਚ ਔਰਤਾਂ ਦੇ ਸੰਘਰਸ਼ ਦੀ ਤਸਵੀਰ ਪੇਸ਼ ਕਰਦਾ ਹੈ ਨਾਵਲ ‘ਪਰੋਫ਼ੇਟ ਸੌਂਗ’
Booker Prize 2023: ਆਇਰਲੈਂਡ ਦੇ ਲੇਖਕ ਪਾਲ ਲਿੰਚ ਨੂੰ ਉਨ੍ਹਾਂ ਦੇ ਨਾਵਲ ‘ਪਰੋਫ਼ੇਟ ਸੌਂਗ’ ਲਈ ਲੰਡਨ ਵਿਚ ਇਕ ਪ੍ਰੋਗਰਾਮ ਦੌਰਾਨ ਬੁਕਰ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ। ਲਿੰਚ ਨੇ ਲੰਡਨ ਸਥਿਤ ਭਾਰਤੀ ਮੂਲ ਦੀ ਲੇਖਕ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ।
ਲਿੰਚ (46) ਨੇ ਅਪਣੇ ਨਾਵਲ ‘ਪਰੋਫ਼ੇਟ ਸੌਂਗ’ ਵਿਚ ਇਕ ਤਾਨਾਸ਼ਾਹੀ ਆਇਰਲੈਂਡ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਨਾਵਲ ਇਕ ਅਜਿਹੇ ਪਰਿਵਾਰ ਦੀ ਕਹਾਣੀ ਦਸਦਾ ਹੈ ਜੋ ਇਕ ਅਜਿਹੀ ਭਿਆਨਕ ਨਵੀਂ ਦੁਨੀਆਂ ਨਾਲ ਸੰਘਰਸ਼ ਕਰ ਰਿਹਾ ਹੈ ਜਿਸ ਵਿਚ ਲੋਕਤੰਤਰੀ ਮਾਪਦੰਡ ਗ਼ਾਇਬ ਹੋ ਰਹ ਹਨ, ਜਿਨ੍ਹਾਂ ਦੀ ਪਰਵਾਰ ਨੂੰ ਆਦਤ ਹੋ ਗਈ ਹੈ।
ਲਿੰਚ ਨੇ 50,000 ਪੌਂਡ ਦਾ ਇਨਾਮੀ ਰਕਮ ਵਾਲੇ ਇਸ ਵੱਕਾਰੀ ਪੁਰਸਕਾਰ ਨੂੰ ਜਿੱਤਣ ਤੋਂ ਬਾਅਦ ਕਿਹਾ, ‘‘ਮੈਂ ਆਧੁਨਿਕ ਅਰਾਜਕਤਾ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਛਮੀ ਲੋਕਤੰਤਰਾਂ ’ਚ ਅਸ਼ਾਂਤੀ ਵੇਖਣ ਦੀ ਕੋਸ਼ਿਸ਼ ਕੀਤੀ। ਸੀਰੀਆ ਦੀ ਸਮੱਸਿਆ, ਸ਼ਰਨਾਰਥੀ ਸੰਕਟ ਦਾ ਪੈਮਾਨਾ ਅਤੇ ਪੱਛਮ ਦੀ ਉਦਾਸੀਨਤਾ।’’ ਲਿੰਚ ਇਹ ਪੁਰਸਕਾਰ ਜਿੱਤਣ ਵਾਲੇ ਆਇਰਲੈਂਡ ਦੇ ਪੰਜਵੇਂ ਲੇਖਕ ਬਣ ਗਏ ਹਨ। ਇਸ ਤੋਂ ਪਹਿਲਾਂ ਆਇਰਲੈਂਡ ਦੇ ਆਈਰਿਸ ਮਰਡੋਕ, ਜੌਨ ਬੈਨਵਿਲੇ, ਰੋਡੀ ਡੌਇਲ ਅਤੇ ਐਨੀ ਐਨਰਾਈਟ ਨੇ ਇਹ ਵੱਕਾਰੀ ਪੁਰਸਕਾਰ ਜਿੱਤਿਆ ਸੀ।
ਲਿੰਚ ਨੇ ਲੰਦਨ ਦੇ ਓਲਡ ਬਿਲਿੰਗਸਗੇਟ ਵਿਖੇ ਹੋਏ ਇਕ ਪੁਰਸਕਾਰ ਸਮਾਰੋਹ ’ਚ ਸ਼੍ਰੀਲੰਕਾ ਦੇ ਲੇਖਕ ਸ਼ੇਹਾਨ ਕਰੁਣਾਤਿਲਕਾ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਕਰੁਣਾਤਿਲਕਾ ਪਿਛਲੇ ਸਾਲ ‘ਦਿ ਸੈਵਨ ਮੂਨਜ਼ ਆਫ ਮਾਲੀ ਅਲਮੀਡਾ’ ਲਈ ਬੁਕਰ ਜੇਤੂ ਸਨ। ਕੀਨੀਆ ’ਚ ਜਨਮੀ ਚੇਤਨਾ ਮਾਰੂ ਇਸ ਸਾਲ ਦੇ ਪੁਰਸਕਾਰ ਦੇ ਛੇ ਦਾਅਵੇਦਾਰਾਂ ’ਚ ਸ਼ਾਮਲ ਸੀ। ਮਾਰੂ ਦਾ ਨਾਵਲ ‘ਵੈਸਟਰਨ ਲੇਨ’ ਬਰਤਾਨਵੀ ਗੁਜਰਾਤੀ ਕਹਾਣੀ ’ਤੇ ਆਧਾਰਤ ਹੈ। ਬੁਕਰ ਪੁਰਸਕਾਰ ਜੇਤੂ ਦੀ ਚੋਣ ਕਰਨ ਵਾਲੇ ਸਮੂਹ ਦੇ ਮੈਂਬਰਾਂ ਨੇ ਗੁੰਝਲਦਾਰ ਮਨੁੱਖੀ ਭਾਵਨਾਵਾਂ ਦੇ ਰੂਪਕ ਵਜੋਂ ਸਕੁਐਸ਼ ਦੀ ਖੇਡ ਦੀ ਵਰਤੋਂ ਕਰਨ ਲਈ ਨਾਵਲ ਦੀ ਤਾਰੀਫ਼ ਕੀਤੀ।
ਇਸ ਤੋਂ ਇਲਾਵਾ ਸਾਰਾ ਬਰਨਸਟੀਨ ਦੀ ‘ਸਟੱਡੀ ਫਾਰ ਉਬੀਡੀਐਂਸ’, ਜੋਨਾਥਨ ਐਸਕੋਫਰੀ ਦਾ ‘ਇਫ਼ ਆਈ ਸਰਵਾਈਵ ਯੂ’, ਪਾਲ ਹਾਰਡਿੰਗ ਦੀ ‘ਦਿ ਅਦਰ ਈਡਨ’ ਅਤੇ ਪਾਲ ਮੁਰੇ ਦਾ ‘ਦਿ ਬੀ ਸਟਿੰਗ’ ਇਸ ਪੁਰਸਕਾਰ ਦੇ ਹੋਰ ਦਾਅਵੇਦਾਰ ਸਨ। ਇਨਾਮਾਂ ਦੀ ਆਖ਼ਰੀ ਸੂਚੀ ਲਈ ਹਰ ਦਾਅਵੇਦਾਰ ਨੂੰ 2,500 ਪਾਊਂਡ ਪ੍ਰਾਪਤ ਹੋਣਗੇ।
(For more news apart from Booker Prize 2023, stay tuned to Rozana Spokesman)