
ਜੇ ਜੰਗ ਲੱਗੀ ਤਾਂ ਆਖ਼ਰੀ ਜੰਗ ਹੋਵੇਗੀ
ਇਸਲਾਮਾਬਾਦ : ਅਪਣੀਆਂ ਭੜਕਾਊ ਟਿਪਣੀਆਂ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਮੰਤਰੀ ਨੇ ਕਿਹਾ ਕਿ ਅਗਲੇ 72 ਘੰਟੇ ਬਹੁਤ ਹੀ ਸੰਵੇਦਨਸ਼ੀਲ ਹਨ ਅਤੇ ਜੇ ਭਾਰਤ ਨਾਲ ਜੰਗ ਹੋਈ ਤਾਂ ਇਹ ਦੂਜੀ ਸੰਸਾਰ ਜੰਗ ਮਗਰੋਂ ਸੱਭ ਤੋਂ ਭਿਆਨਕ ਹੋਵੇਗੀ। ਰੇਲ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਕਿਹਾ, 'ਇਹ ਭਿਆਨਕ ਜੰਗ ਹੋਵੇਗੀ ਕਿਉਂਕਿ ਪਾਕਿਸਤਾਨ ਪੂਰੀ ਤਰ੍ਹਾਂ ਤਿਆਰ ਹੈ। ਪਾਕਿਸਤਾਨ ਲਗਭਗ ਜੰਗ ਦੀ ਮਨੋਸਥਿਤੀ ਵਿਚ ਹੈ।
ਰੇਲਵੇ ਪਹਿਲਾਂ ਤੋਂ ਹੀ ਜੰਗੀ ਹਾਲਾਤ ਵਾਲੇ ਕਾਨੂੰਨਾਂ ਦੀ ਪਾਲਣਾ ਕਰ ਰਹੀ ਹੈ।' ਰੇਲ ਮੰਤਰੀ ਨੇ ਕਿਹਾ ਕਿ ਅਗਲਾ ਸਮਾਂ ਕਾਫ਼ੀ ਸੰਵੇਦਨਸ਼ੀਲ ਹੈ। ਜੇ ਜੰਗ ਲੱਗੀ ਤਾਂ ਆਖ਼ਰੀ ਜੰਗ ਹੋਵੇਗੀ, ਬੇਹੱਦ ਭਿਆਨਕ। ਕੁੱਝ ਹੀ ਦਿਨ ਪਹਿਲਾਂ ਅਹਿਮਦ ਨੇ ਕਿਹਾ ਸੀ ਕਿ ਜੇ ਕਿਸੇ ਨੇ ਪਾਕਿਸਤਾਨ ਵਲ ਬੁਰੀ ਨਜ਼ਰ ਨਾਲ ਵੇਖਿਆ ਤਾਂ ਅੱਖਾਂ ਕੱਢ ਲਈਆਂ ਜਾਣਗੀਆਂ। ਦਰੱਖ਼ਤ ਨਹੀਂ ਉਗਣਗੇ, ਚਿੜੀਆਂ ਨਹੀਂ ਚਹਿਕਣਗੀਆਂ ਅਤੇ ਮੰਦਰਾਂ ਵਿਚ ਘੰਟੀਆਂ ਨਹੀਂ ਵਜਣਗੀਆਂ। (ਏਜੰਸੀ)