
ਬੰਗਲਾਦੇਸ਼ ਵਿਚ ਇਕ ਔਰਤ ਨੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ 26 ਦਿਨ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਬੰਗਲਾਦੇਸ਼: ਬੰਗਲਾਦੇਸ਼ ਵਿਚ ਇਕ ਔਰਤ ਨੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ 26 ਦਿਨ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਪਹਿਲਾ ਬੱਚਾ ਸਮੇਂ ਤੋਂ ਪਹਿਲਾਂ ਹੋਇਆ ਸੀ। 20 ਸਾਲ ਦੀ ਅਰੀਫਾ ਸੁਲਤਾਨਾ ਦੀ ਪਹਿਲਾਂ ਨੋਰਮਲ ਡਿਲੀਵਰੀ ਹੋਈ ਸੀ।
ਡਾਕਟਰ ਸ਼ੀਲਾ ਪੌਦਾਰ ਨੇ ਔਰਤ ਦੀ ਦੁਬਾਰਾ ਡਿਲੀਵਰੀ ਕੀਤੀ। ਡਾਕਟਰ ਨੇ ਕਿਹਾ ਕਿ ਔਰਤ ਨੂੰ ਵੀ ਨਹੀਂ ਪਤਾ ਸੀ ਕਿ ਉਸਦੇ ਗਰਭ ਵਿਚ ਤਿੰਨ ਬੱਚੇ ਹਨ। ਪਹਿਲੇ ਬੱਚੇ ਦੇ ਜਨਮ ਤੋਂ 26 ਦਿਨ ਬਾਅਦ ਔਰਤ ਨੂੰ ਦੁਬਾਰਾ ਦਰਦ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ੀਲਾ ਪੌਦਾਰ ਨੇ ਜੁੜਵਾ ਬੱਚਿਆਂ ਦੀ ਡਿਲੀਵਰੀ ਕੀਤੀ।
ਸ਼ੁੱਕਰਵਾਰ ਨੂੰ ਹੋਏ ਆਪਰੇਸ਼ਨ ਦੌਰਾਨ ਔਰਤ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ। ਬੰਗਲਾਦੇਸ਼ ਦੇ ਜੋਸ਼ੇਰ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਨੇ 3 ਬੱਚਿਆਂ ਨੂੰ ਜਨਮ ਦਿੱਤਾ, ਜਿਸਤੋਂ ਬਾਅਦ ਉਸ ਨੂੰ ਹਾਲੇ ਤੱਕ ਛੁੱਟੀ ਨਹੀਂ ਦਿੱਤੀ ਗਈ, ਪਰ ਸ਼ੀਲਾ ਪੌਦਾਰ ਦਾ ਕਹਿਣਾ ਹੈ ਕਿ ਔਰਤ ਅਤੇ ਬੱਚੇ ਬਿਲਕੁਲ ਠੀਕ ਹਨ।
ਸਰਕਾਰੀ ਹਸਪਤਾਲ ਦੇ ਚੀਫ ਦਿਲੀਪ ਰਾਏ ਨੇ ਕਿਹਾ, ‘ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿਚ ਅਜਿਹਾ ਕੇਸ ਪਹਿਲੀ ਵਾਰ ਦੇਖਿਆ ਹੈ’। ਉਸ ਨੇ ਖੁਲਨਾ ਮੈਡੀਕਲ ਕਾਲਜ ਦੇ ਡਾਕਟਰਾਂ ‘ਤੇ ਸਵਾਲ ਖੜੇ ਕੀਤੇ ਹਨ ਕਿ ਉਹ ਦੂਜੀ ਪ੍ਰੈਗਨੇਂਸੀ ਨੂੰ ਕਿਉਂ ਨਹੀਂ ਦੇਖ ਸਕੇ?
ਦੱਸ ਦਈਏ ਕਿ ਅਰੀਫਾ ਸੁਲਤਾਨਾ ਬਹੁਤ ਗਰੀਬ ਔਰਤ ਹੈ, ਪਰ ਉਹ ਖੁਸ਼ ਹੈ ਕਿ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ, ਪਰ ਉਸ ਨੂੰ ਚਿੰਤਾ ਹੈ ਕਿ ਉਹ ਤਿੰਨ ਬੱਚਿਆਂ ਨੂੰ ਕਿਵੇਂ ਪਾਲੇਗੀ। ਅਰੀਫਾ ਸੁਲਤਾਨਾ ਦੇ ਪਤੀ ਮਜ਼ਦੂਰ ਹਨ ਅਤੇ ਉਹ ਹਰ ਮਹੀਨੇ ਕਰੀਬ 5 ਹਜ਼ਾਰ ਰੁਪਏ ਹੀ ਕਮਾਉਂਦਾ ਹੈ, ਉਹਨਾਂ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਉਸ ਦੇ ਬੱਚੇ ਠੀਕ ਹਨ, ਉਸਨੇ ਕਿਹਾ ਕਿ ਮੈਂ ਬੱਚਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ।