
ਅਮਰੀਕੀ ਮੁਸਲਿਮ ਸੰਸਦ ਮੈਂਬਰ ਇਸ ਇਫ਼ਤਾਰ ਪਾਰਟੀ ਤੋਂ ਨਾਰਾਜ਼
ਵਾਸ਼ਿੰਗਟਨ: ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਪਹਿਲੀ ਇਫ਼ਤਾਰ ਪਾਰਟੀ ਦੀ ਮੇਜ਼ਬਾਨੀ ਕੀਤੀ। ਹਾਲਾਂਕਿ ਟਰੰਪ ਦੀ ਇਫ਼ਤਾਰ ਪਾਰਟੀ ਵਿਵਾਦਾਂ ਵਿਚ ਘਿਰੀ ਰਹੀ ਹੈ। ਅਮਰੀਕੀ ਮੁਸਲਿਮ ਸੰਸਦ ਮੈਂਬਰ ਇਸ ਇਫ਼ਤਾਰ ਪਾਰਟੀ ਤੋਂ ਨਾਰਾਜ਼ ਹਨ।
ਦਰਅਸਲ ਅਮਰੀਕੀ ਮੁਸਲਿਮ ਕਾਨੂੰਨਸਾਜ਼ਾਂ ਤੇ ਭਾਈਚਾਰਕ ਆਗੂਆਂ ਨੂੰ ਇਫ਼ਤਾਰ ਪਾਰਟੀ ਵਿਚ ਸੱਦਾ ਨਹੀਂ ਦਿਤਾ ਗਿਆ ਸੀ; ਇਸ ਦੀ ਬਜਾਏ ਮੁਸਲਿਮ ਦੇਸ਼ਾਂ ਦੇ ਵਿਦੇਸ਼ੀ ਰਾਜਦੂਤਾਂ ਨੂੰ ਇਫ਼ਤਾਰ ਡਿਨਰ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਵਿਚ ਇਫ਼ਤਾਰ ਪਾਰਟੀ ਦਾ ਆਯੋਜਨ ਕਰਨ ਦੀ ਦੋ ਦਹਾਕੇ ਪੁਰਾਣੀ ਪਰੰਪਰਾ ਹੈ।
ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਇਫਤਾਰ ਡਿਨਰ ਦੀ ਮੇਜ਼ਬਾਨੀ ਕਰਦੇ ਹੋਏ ਕਿਹਾ, ‘ਮੈਂ ਤੁਹਾਡਾ ਸਾਰਿਆਂ ਦਾ ਵ੍ਹਾਈਟ ਹਾਊਸ ਇਫ਼ਤਾਰ ਡਿਨਰ ਵਿਚ ਸਵਾਗਤ ਕਰਦਾ ਹਾਂ। ਇਸ ਮੁੱਦੇ ਵਿਰੁਧ ਕਈ ਮੁਸਲਿਮ ਨਾਗਰਿਕ ਅਧਿਕਾਰ ਸਮੂਹਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਮੁਸਲਿਮ ਆਗੂਆਂ ਨੇ ਟਰੰਪ ਦੀ ਇਸ ਇਫ਼ਤਾਰ ਪਾਰਟੀ ਦਾ ਵਿਰੋਧ ਕੀਤਾ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਹ ਡੋਨਾਲਡ ਟਰੰਪ ਦਾ ਇੱਕ ਤਰ੍ਹਾਂ ਦਾ ਪਖੰਡ ਹੈ। ਇੱਕ ਪਾਸੇ ਉਹ ਦੇਸ਼ ਵਿਚ ਮੁਸਲਮਾਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਂਦੇ ਹਨ ਅਤੇ ਦੂਜੇ ਪਾਸੇ ਉਹ ਇਫ਼ਤਾਰ ਪਾਰਟੀ ਦਾ ਆਯੋਜਨ ਕਰਦੇ ਹਨ।