
18 ਮਈ ਤੱਕ ਪੇਸ਼ ਨਾ ਹੋਣ 'ਤੇ ਐਲਾਨੇ ਜਾਣਗੇ ਭਗੌੜੇ
ਮੋਹਾਲੀ : ਗੈਂਗਸਟਰ ਅਰਸ਼ਦੀਪ ਡੱਲਾ ਅਤੇ ਹਰਦੀਪ ਨਿੱਝਰ ਵਿਰੁੱਧ ਪ੍ਰੋਕਲਾਮੇਸ਼ਨ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਦੋਵੇਂ ਕੈਨੇਡਾ 'ਚ ਲੁਕੇ ਹੋਏ ਹਨ ਅਤੇ ਉਥੋਂ ਹੀ ਆਪਣਾ ਗਿਰੋਹ ਚਲਾ ਰਹੇ ਹਨ। ਦੋਵੇਂ ਕਾਨੂੰਨ ਨੂੰ ਲੋੜੀਂਦੇ ਹਨ ਜਿਸ ਤਹਿਤ ਹੁਣ ਇਨ੍ਹਾਂ ਵਿਰੁੱਧ ਨੋਟਿਸ ਜਾਰੀ ਕੀਤਾ ਗਿਆ ਹੈ।
ਵਿਸ਼ੇਸ਼ ਸੀਬੀਆਈ-ਕਮ-ਐਨਆਈਏ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 82 ਦੇ ਤਹਿਤ ਘੋਸ਼ਣਾ ਪੱਤਰ ਜਾਰੀ ਕਰ ਕੇ, ਕੈਨੇਡਾ ਤੋਂ ਸੰਚਾਲਿਤ ਮੰਨੇ ਜਾਂਦੇ ਦੋਸ਼ੀਆਂ ਦੀ ਪੇਸ਼ੀ ਲਈ ਕਿਹਾ ਹੈ।
ਜੇਕਰ ਹੁਣ ਗੈਂਗਸਟਰ ਅਰਸ਼ਦੀਪ ਡੱਲਾ ਅਤੇ ਹਰਦੀਪ ਨਿੱਝਰ 18 ਮਈ ਤੱਕ ਅਦਾਲਤ ਵਿਚ ਪੇਸ਼ ਨਹੀਂ ਹੁੰਦੇ ਤਾਂ ਦੋਹਾਂ ਨੂੰ ਹੀ ਭਗੌੜਾ ਐਲਾਨ ਦਿਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ 18 ਮਹੀਨੇ ਪਹਿਲਾਂ ਪਾਈ ਇਤਰਾਜ਼ਯੋਗ ਪੋਸਟ 'ਤੇ ਕਿਸਾਨ ਆਗੂ ਵਿਰੁੱਧ ਮਾਮਲਾ ਦਰਜ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੁਆਰਾ 8 ਅਕਤੂਬਰ, 2021 ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਦੋਵਾਂ ਨੂੰ 18 ਮਈ ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਵਿਰੁੱਧ ਭਗੌੜਾ ਅਪਰਾਧੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਵਿਰੁੱਧ ਕਈ ਮਾਮਲੇ ਦਰਜ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਕਈ ਮਾਮਲਿਆਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਹੈ। ਇਹ ਵੀ ਦੱਸਣਯੋਗ ਹੈ ਕਿ ਐਨਆਈਏ ਨੇ ਪਹਿਲਾਂ ਕੇਟੀਐਫ ਦੇ ਕੈਨੇਡਾ ਅਧਾਰਤ ਮੁਖੀ 'ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ, ਜੋ 2021 ਵਿੱਚ ਪੰਜਾਬ ਦੇ ਜਲੰਧਰ ਵਿੱਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਅਰਸ਼ ਡੱਲਾ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਵਿਖੇ ਰਹਿ ਰਿਹਾ ਹੈ। ਕਈ ਅੱਤਵਾਦੀ ਗਤੀਵਿਧੀਆਂ ਵਿਚ ਇਸ ਦੀ ਸ਼ਮੂਲੀਅਤ ਹੈ। 2022 'ਚ ਇਸ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਹਰਦੀਪ ਨਿੱਝਰ ਅਰਸ਼ ਡੱਲਾ ਦਾ ਕਰੀਬੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਅਰਸ਼ਦੀਪ ਡੱਲਾ ਯੂ.ਏ.ਪੀ.ਏ. ਤਹਿਤ ਲੋੜੀਂਦੇ ਅੱਤਵਾਦੀ ਹਰਦੀਪ ਨਿੱਝਰ ਦਾ ਕਰੀਬੀ ਹੈ। ਇਹ ਅੱਤਵਾਦੀ ਗਤੀਵਿਧੀਆਂ ਕਤਲ, ਜਬਰਨ ਵਸੂਲੀ, ਵੱਡੇ ਪੱਧਰ 'ਤੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜਿਆ ਹੋਇਆ ਹੈ।