
। 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਇਹ ਵਾਦੀ ਵਿਚ ਸੱਭ ਤੋਂ ਘਾਤਕ ਹਮਲਾ ਸੀ।
Pahalgam Terror Attack : ਪਾਕਿਸਤਾਨ ਪਹਿਲਗਾਮ ਅਤਿਵਾਦੀ ਹਮਲੇ ਦੀ ਜਾਂਚ ਵਿਚ ਰੂਸ ਅਤੇ ਚੀਨ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਪ੍ਰਾਪਤ ਹੋਈ ਹੈ। ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ 26 ਲੋਕਾਂ ਦਾ ਕਤਲ ਕਰ ਦਿਤਾ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸਨ। 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਇਹ ਵਾਦੀ ਵਿਚ ਸੱਭ ਤੋਂ ਘਾਤਕ ਹਮਲਾ ਸੀ। ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਫ਼ਰੰਟ ਸੰਗਠਨ ‘ਦਿ ਰੇਜ਼ਿਸਟੈਂਸ ਫ਼ਰੰਟ’ (ਟੀਆਰਐਫ਼) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਰੂਸੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਨੂੰ ਦਿਤੇ ਇਕ ਹਾਲੀਆ ਇੰਟਰਵਿਊ ਵਿਚ, ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ,‘‘ਮੈਨੂੰ ਲਗਦਾ ਹੈ ਕਿ ਰੂਸ, ਚੀਨ ਜਾਂ ਇੱਥੋਂ ਤਕ ਕਿ ਪੱਛਮੀ ਦੇਸ਼ ਵੀ ਇਸ ਸੰਕਟ ਵਿਚ ਬਹੁਤ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ ਅਤੇ ਉਹ ਇੱਕ ਜਾਂਚ ਟੀਮ ਵੀ ਬਣਾ ਸਕਦੇ ਹਨ ਜਿਸ ਨੂੰ ਇਹ ਜਾਂਚ ਕਰਨ ਦਾ ਕੰਮ ਸੌਂਪਿਆ ਜਾਣਾ ਚਾਹੀਦਾ ਹੈ ਕਿ ਕੀ ਭਾਰਤ ਜਾਂ ਮੋਦੀ ਝੂਠ ਬੋਲ ਰਹੇ ਹਨ ਜਾਂ ਉਹ ਸੱਚ ਬੋਲ ਰਹੇ ਹਨ। ਇਕ ਅੰਤਰਰਾਸ਼ਟਰੀ ਟੀਮ ਨੂੰ ਪਤਾ ਲਗਾਉਣ ਦਿਓ।’’
ਖ਼ਬਰ ਏਜੰਸੀ ਨੇ ਖ਼ਵਾਜਾ ਦੇ ਹਵਾਲੇ ਨਾਲ ਕਿਹਾ,‘‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਅੰਤਰਰਾਸ਼ਟਰੀ ਜਾਂਚ ਦਾ ਪ੍ਰਸਤਾਵ ਰਖਿਆ ਹੈ। ਇਹ ਪਤਾ ਲਗਾਓ ਕਿ ਭਾਰਤ ਦੇ ਕਸ਼ਮੀਰ ਵਿਚ ਹੋਈ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ ਅਤੇ ਕੌਣ ਇਸ ਨੂੰ ਅੰਜਾਮ ਦੇ ਰਿਹਾ ਹੈ। ਗੱਲਾਂ ਜਾਂ ਖੋਖਲੇ ਬਿਆਨਾਂ ਦਾ ਕੋਈ ਅਸਰ ਨਹੀਂ ਹੁੰਦਾ। ਇਸ ਗੱਲ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਇਸ ਵਿਚ ਸ਼ਾਮਲ ਹੈ ਜਾਂ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਸੀ। ਇਹ ਸਿਰਫ਼ ਬਿਆਨ ਹਨ, ਖੋਖਲੇ ਬਿਆਨ ਅਤੇ ਹੋਰ ਕੁਝ ਨਹੀਂ।’’
ਇਸ ਦੌਰਾਨ, ਮਾਸਕੋ-ਅਧਾਰਤ ਸੁਤੰਤਰ ਅਮਰੀਕੀ ਵਿਸ਼ਲੇਸ਼ਕ ਐਂਡਰਿਊ ਕੋਰੀਬਕੋ ਨੇ ਕਿਹਾ ਕਿ ਪਾਕਿਸਤਾਨ ਨੇ ਨਾ ਸਿਰਫ਼ ਭਾਰਤ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ, ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਸਗੋਂ ਉੱਚ ਅਧਿਕਾਰੀਆਂ ਨੇ ਹੈਰਾਨੀਜਨਕ ਤੌਰ ’ਤੇ ਖ਼ੁਦ ਨੂੰ ਬਦਨਾਮ ਕਰਨ ਵਾਲੇ ਦੋ ਦਾਅਵੇ ਕੀਤੇ ਹਨ।
ਉਨ੍ਹਾਂ ਕਿਹਾ,‘‘ਇਸਹਾਕ ਡਾਰ, ਜੋ ਕਿ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੋਵੇਂ ਹਨ, ਨੇ ਟਿੱਪਣੀ ਕੀਤੀ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ ਵਿਚ ਹਮਲਾ ਕਰਨ ਵਾਲੇ ਲੋਕ ਆਜ਼ਾਦੀ ਘੁਲਾਟੀਏ ਹੋ ਸਕਦੇ ਹਨ।’’ ਕੋਰੀਬਕੋ ਨੇ ਔਨਲਾਈਨ ਪਲੇਟਫਾਰਮ ਸਬਸਟੈਕ ’ਤੇ ਅਪਣੇ ਨਿਊਜ਼ਲੈਟਰ ਵਿਚ ਲਿਖਿਆ,‘‘ਕਸ਼ਮੀਰ ਵਿਵਾਦ ’ਤੇ ਕਿਸੇ ਦੇ ਵਿਚਾਰ ਭਾਵੇਂ ਕੋਈ ਵੀ ਹੋਣ, ਸੈਲਾਨੀਆਂ ਦਾ ਕਤਲੇਆਮ ਬਿਨਾਂ ਸ਼ੱਕ ਅਤਿਵਾਦ ਦਾ ਕੰਮ ਹੈ, ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਕਤਲ ਤਾਂ ਦੂਰ ਦੀ ਗੱਲ ਹੈ। ਇਹ ਅੰਦਾਜ਼ਾ ਲਗਾਉਣਾ ਕਿ ਅਪਰਾਧੀ ‘ਆਜ਼ਾਦੀ ਘੁਲਾਟੀਏ’ ਹੋ ਸਕਦੇ ਹਨ, ਦੁਨੀਆ ਭਰ ਦੇ ਸੱਚੇ ਆਜ਼ਾਦੀ ਘੁਲਾਟੀਆਂ ਨੂੰ ਬਦਨਾਮ ਕਰਦਾ ਹੈ ਅਤੇ ਚਲਾਕੀ ਨਾਲ ਅਤਿਵਾਦ ਨੂੰ ਜਾਇਜ਼ ਠਹਿਰਾਉਂਦਾ ਹੈ।’’
ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਇਕ ਉੱਚ ਪਾਕਿਸਤਾਨੀ ਅਧਿਕਾਰੀ ਦੁਆਰਾ ਕੀਤਾ ਗਿਆ ਦੂਜਾ ਦਾਅਵਾ ਰਖਿਆ ਮੰਤਰੀ ਖ਼ਵਾਜਾ ਆਸਿਫ਼ ਵਲੋਂ ਕੀਤਾ ਗਿਆ ਸੀ। ਉਸ ਨੇ ਮੀਡੀਆ ਸੰਗਠਨ ਅਲ ਜਜ਼ੀਰਾ ਨੂੰ ਦਸਿਆ ਕਿ ਉਸ ਕਾਲੇ ਦਿਨ ਜੋ ਵੀ ਹੋਇਆ, ਉਹ ਸੱਚਾਈ ਨੂੰ ਛੁਪਾਉਣ ਲਈ ਇਕ ‘ਝੂਠਾ ਦਿਖਾਵਟੀ ਅਭਿਆਨ’ ਹੋ ਸਕਦਾ ਹੈ।
ਉਨ੍ਹਾਂ ਕਿਹਾ,‘‘ਡਾਰ ਅਤੇ ਆਸਿਫ਼ ਦੀਆਂ ਗੱਲਾਂ ’ਤੇ ਧਿਆਨ ਨਾਲ ਵਿਚਾਰ ਕਰਨ ’ਤੇ ਨਿਰੀਖਕ ਇਕ ਸਪੱਸ਼ਟ ਵਿਰੋਧਾਭਾਸ ਦੇਖਣਗੇ : ਪਹਿਲੇ ਨੇ ਪਹਿਲਗਾਮ ਹਮਲੇ ਦੀ ਜ਼ੋਰਦਾਰ ਹਮਾਇਤ ਕੀਤੀ ਹੈ, ਇਹ ਅੰਦਾਜ਼ਾ ਲਗਾਇਆ ਹੈ ਕਿ ਅਪਰਾਧੀ ਆਜ਼ਾਦੀ ਘੁਲਾਟੀਏ ਹੋ ਸਕਦੇ ਹਨ, ਜਦੋਂ ਕਿ ਦੂਜੇ ਨੇ ਹਮਲੇ ਨੂੰ ਸਖ਼ਤੀ ਨਾਲ ਰੱਦ ਕਰ ਦਿਤਾ ਹੈ ਅਤੇ ਇਸ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।’’ ਕੋਰਿਬਕੋ ਨੇ ਲਿਖਿਆ,‘‘ਇਹ ਦਰਸਾਉਂਦਾ ਹੈ ਕਿ ਉਹ ਅਪਣੇ ਪੱਖ ਦੀ ਮਿਲੀਭੁਗਤ ਨੂੰ ਛੁਪਾਉਣ ਦੀ ਬਚਕਾਨਾ ਕੋਸ਼ਿਸ਼ ਕਰ ਰਹੇ ਹਨ।’’
ਇਸ ਗੱਲ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਇਸ ਵਿਚ ਸ਼ਾਮਲ ਹੈ : ਪਾਕਿ ਰਖਿਆ ਮੰਤਰੀ