
ਕਿਹਾ, ਰਾਸ਼ਟਰਪਤੀ ਬਿਲ ਕਲਿੰਟਨ ਨੇ ਪਾਕਿਸਤਾਨ ਨੂੰ ਪ੍ਰਮਾਣੂ ਪ੍ਰੀਖਣ ਕਰਨ ਤੋਂ ਰੋਕਣ ਲਈ 5 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਸੀ
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਮਨਜ਼ੂਰ ਕੀਤਾ ਕਿ ਇਸਲਾਮਾਬਾਦ ਨੇ ਭਾਰਤ ਨਾਲ 1999 ’ਚ ਉਨ੍ਹਾਂ ਦੇ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਦਸਤਖ਼ਤ ਕੀਤੇ ਸਮਝੌਤੇ ਦੀ ‘ਉਲੰਘਣਾ’ ਕੀਤੀ ਹੈ। ਉਨ੍ਹਾਂ ਨੇ ਇਹ ਗੱਲ ਕਾਰਗਿਲ ’ਚ ਜਨਰਲ ਪਰਵੇਜ਼ ਮੁਸ਼ੱਰਫ ਵਲੋਂ ਕੀਤੇ ਗਏ ਹਮਲੇ ਵਲ ਇਸ਼ਾਰਾ ਕਰਦਿਆਂ ਕਹੀ।
ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਦੀ ਜਨਰਲ ਕੌਂਸਲ ਨੂੰ ਸੰਬੋਧਨ ਕਰਦਿਆਂ ਸ਼ਰੀਫ ਨੇ ਕਿਹਾ, ‘‘28 ਮਈ 1998 ਨੂੰ ਪਾਕਿਸਤਾਨ ਨੇ ਪੰਜ ਪ੍ਰਮਾਣੂ ਪ੍ਰੀਖਣ ਕੀਤੇ ਸਨ। ਫਿਰ ਵਾਜਪਾਈ ਸਾਹਿਬ ਇੱਥੇ ਆਏ ਅਤੇ ਸਾਡੇ ਨਾਲ ਸਮਝੌਤਾ ਕੀਤਾ। ਪਰ ਅਸੀਂ ਉਸ ਸਮਝੌਤੇ ਦੀ ਉਲੰਘਣਾ ਕੀਤੀ ਹੈ। ਇਹ ਸਾਡੀ ਗਲਤੀ ਸੀ।’’
ਸ਼ਰੀਫ ਅਤੇ ਵਾਜਪਾਈ ਨੇ 21 ਫ਼ਰਵਰੀ 1999 ਨੂੰ ਲਾਹੌਰ ਸਮਝੌਤੇ ’ਤੇ ਦਸਤਖਤ ਕੀਤੇ ਸਨ। ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਅਤੇ ਸਥਿਰਤਾ ਦੀ ਪਹੁੰਚ ਦੀ ਗੱਲ ਕਰਨ ਵਾਲੇ ਸਮਝੌਤੇ ਨੇ ਇਕ ਵੱਡੀ ਸਫਲਤਾ ਦਾ ਸੰਕੇਤ ਦਿਤਾ ਸੀ ਪਰ ਕੁੱਝ ਮਹੀਨਿਆਂ ਬਾਅਦ ਕਾਰਗਿਲ ਜੰਗ ਕਾਰਨ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿਚ ਪਾਕਿਸਤਾਨੀ ਘੁਸਪੈਠ ਹੋਈ।
ਪਾਕਿਸਤਾਨ ਦੇ ਪ੍ਰਮਾਣੂ ਪ੍ਰੀਖਣਾਂ ਦੀ 26ਵੀਂ ਵਰ੍ਹੇਗੰਢ ਮੌਕੇ ਸ਼ਰੀਫ ਨੇ ਕਿਹਾ, ‘‘ਰਾਸ਼ਟਰਪਤੀ ਬਿਲ ਕਲਿੰਟਨ ਨੇ ਪਾਕਿਸਤਾਨ ਨੂੰ ਪ੍ਰਮਾਣੂ ਪ੍ਰੀਖਣ ਕਰਨ ਤੋਂ ਰੋਕਣ ਲਈ 5 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਇਨਕਾਰ ਕਰ ਦਿਤਾ। ਜੇਕਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਰਗਾ ਕੋਈ ਵਿਅਕਤੀ ਮੇਰੀ ਸੀਟ ’ਤੇ ਹੁੰਦਾ ਤਾਂ ਉਹ ਕਲਿੰਟਨ ਦੀ ਪੇਸ਼ਕਸ਼ ਨੂੰ ਮਨਜ਼ੂਰ ਕਰ ਲੈਂਦਾ।’’