
ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ 'ਮਾਂ' ਵਾਂਗ ਮੁਹੱਬਤ ਕਰਨ ਵਾਲਿਆਂ ਲਈ 'ਅਮੀਨ ਮਲਿਕ' ਦਾ ਸਰੀਰਕ .........
ਕੋਟਕਪੂਰਾ : ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ 'ਮਾਂ' ਵਾਂਗ ਮੁਹੱਬਤ ਕਰਨ ਵਾਲਿਆਂ ਲਈ 'ਅਮੀਨ ਮਲਿਕ' ਦਾ ਸਰੀਰਕ ਵਿਛੋੜਾ ਸੱਚਮੁੱਚ ਹੀ ਦੁਖਦਾਈ ਹੈ। ਪੀੜਾ ਦੀਆਂ ਝਰਨਾਟਾਂ ਛੇੜਣ ਵਾਲਾ ਹੈ, ਸ਼ਾਇਦ ਇਹੀ ਕਾਰਨ ਹੈ ਕਿ ਹੁਣ ਕੋਈ ਉਸ ਨੂੰ ਪੰਜਾਬੀ ਸਾਹਿਤ ਦਾ ਧਰੂਤਾਰਾ ਤੇ ਅਣਮੋਲ ਹੀਰਾ ਦਸ ਰਿਹਾ ਹੈ।
Amin Malik
ਅਤੇ ਕੋਈ ਉਸ ਨੂੰ ਲਹਿੰਦੇ ਪੰਜਾਬ (ਪਾਕਿਸਤਾਨ) 'ਚ ਪੰਜਾਬੀ ਬੋਲੀ ਦੇ ਹੱਕ 'ਚ ਡੱਟ ਕੇ ਖੜਨ ਵਾਲਾ ਯੋਧਾ ਪੁੱਤ ਕਹਿ ਕੇ ਸ਼ਰਧਾਂਜਲੀ ਅਰਪਣ ਕਰ ਰਿਹਾ ਹੈ। ਕੋਈ ਆਖ ਰਿਹਾ ਹੈ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਦਾ ਵਣਜਾਰਾ ਸੀ ਅਤੇ ਕੋਈ ਕਹਿ ਰਿਹਾ ਹੈ ਕਿ ਉਸ ਦਾ ਜਿਸਮ ਭਾਵੇਂ ਵਿਦੇਸ਼ 'ਚ ਵਸਦਾ ਪਰ ਉਸ ਦਾ ਦਿਲ ਪੰਜਾਬ 'ਚ ਹੀ ਵਸਦਾ ਸੀ।
Amin Malik
ਪਰ ਭਵਿੱਖ 'ਚ ਇਸ ਵੱਡੇ ਸੱਚ ਤੋਂ ਮੁਨਕਰ ਹੋਣਾ ਵੀ ਅਸੰਭਵ ਹੋਵੇਗਾ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ 'ਰੋਜ਼ਾਨਾ ਸਪੋਕਸਮੈਨ' ਹੀ ਇਕੋ-ਇਕ ਅਜਿਹਾ ਸਾਹਿਤਕ ਅਦਾਰਾ ਹੈ ਜਿਸ ਨੇ ਅਪਣੇ ਵਿਸ਼ੇਸ਼ ਕਾਲਮਾਂ ਰਾਹੀਂ 'ਅਮੀਨ ਮਲਿਕ' ਅੰਦਰਲੇ ਸਾਂਝੇ ਪੰਜਾਬ ਅਤੇ ਪੰਜਾਬੀ ਬੋਲੀ ਦੇ ਉਪਰੋਕਤ ਪਿਆਰ ਨੂੰ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਾਇਆ।
Rozana Spokesman
ਉਸ ਦੀਆਂ ਲਿਖਤਾਂ ਨੂੰ ਸੰਭਾਲਣ ਲਈ 'ਯਾਦਾਂ ਦੇ ਪਿਛਵਾੜੇ' ਤੇ 'ਆਲ੍ਹਣਿਆਂ ਤੋਂ ਦੂਰ' ਨਾਂਅ ਦੀਆਂ ਦੋ ਪੁਸਤਕਾਂ ਵੀ ਛਪਵਾਈਆਂ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਉਸ ਨੂੰ ਅਪਣੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਸ਼ਾਇਰਾਂ, ਨਾਵਲਕਾਰਾਂ, ਪੱਤਰਕਾਰਾਂ ਅਤੇ ਕਹਾਣੀਕਾਰਾਂ ਤੋਂ ਇਲਾਵਾ ਸਮੂਹ ਪੰਜਾਬੀ ਪਾਠਕਾਂ ਦੇ ਰੂਬਰੂ ਕਰਵਾਉਣ ਦਾ ਸਫ਼ਲ ਉਪਰਾਲਾ ਵੀ ਕੀਤਾ।
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਭੇਜੇ ਅਪਣੇ ਸੋਗ-ਸੰਦੇਸ਼ 'ਚ ਉਪਰੋਕਤ ਵਿਚਾਰ ਪ੍ਰਗਟਾਉਂਦਿਆਂ ਇਹ ਵੀ ਲਿਖਿਆ ਕਿ ਯਾਰਾਂ ਦਾ ਯਾਰ 'ਅਮੀਨ ਮਲਿਕ' ਰਹਿੰਦਾ ਲੰਡਨ ਸੀ ਤੇ ਪੜ੍ਹਿਆ ਉਰਦੂ ਸੀ ਪਰ ਬੋਲਦਾ ਤੇ ਲਿਖਦਾ ਠੇਠ ਪੰਜਾਬੀ ਸੀ।
ਇਸ ਪੱਖੋਂ 'ਸਪੋਕਸਮੈਨ' 'ਚ ਲਿਖੇ ਉਸ ਦੇ ਇਹ ਵਾਰਤਕ ਬੋਲ 'ਪਹਿਲਾਂ ਮੈਂ ਦੋਗ਼ਲਾ ਸਾਂ' ਪਰ ਜਿਸ ਦਿਨ ਮੇਰੀ ਮਾਂ ਮੁੱਕ ਗਈ ਤਾਂ ਮੈਂ ਪੰਜਾਬੀ ਨੂੰ ਅਪਣੀ ਮਾਂ ਮੰਨ ਲਿਆ, ਕਿਉਂਕਿ ਪੰਜਾਬੀ ਮੇਰੀ ਮਾਂ ਜੁਬਾਨ ਸੀ।
ਦੇਸ਼-ਵਿਦੇਸ਼ ਦੇ ਉਨ੍ਹਾਂ ਸਾਰੇ ਪੰਜਾਬੀਆਂ ਨੂੰ ਸਦਾ ਲਈ ਹਲੂਣ ਕੇ ਜਗਾਉਂਦੇ ਰਹਿਣਗੇ, ਜਿਹੜੇ ਭਾਰਤੀ ਰਾਜ-ਸੱਤਾ, ਬਹੁਗਿਣਤੀ ਤੇ ਵਿਦੇਸ਼ੀ ਪ੍ਰਭਾਵ ਹੇਠ ਸਹਿਜੇ-ਸਹਿਜੇ ਅਪਣੀ ਮਾਂ-ਬੋਲੀ ਤੇ ਪੰਜਾਬ ਦੇ ਅਮੀਰ ਸਭਿਆਚਾਰ ਵਲੋਂ ਮੂੰਹ ਫੇਰੀ ਜਾ ਰਹੇ ਹਨ।
ਇਸ ਲਈ ਉੱਘੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦਾ ਇਹ ਲਿਖਣਾ ਵੀ ਇਕ ਉਭਰਵਾਂ ਸੱਚ ਹੈ ਕਿ ਉਹ 21ਵੀਂ ਸਦੀ ਦਾ ਮਿੱਠੀ ਪੰਜਾਬੀ ਪਰੋਸਣ ਵਾਲਾ ਸੱਭ ਤੋਂ ਵੱਡਾ ਲੇਖਕ ਸੀ, ਮੈਂ ਆਸ ਰੱਖਾਂਗਾ ਕਿ ਅਦਾਰਾ 'ਸਪੋਕਸਮੈਨ' ਅਮੀਨ ਮਲਿਕ ਦੇ ਨਾਂਅ 'ਤੇ ਸ਼ਰਧਾਂਜਲੀ ਵਜੋਂ ਇਕ ਵਿਸ਼ੇਸ਼-ਅੰਕ ਵੀ ਪ੍ਰਕਾਸ਼ਤ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ