
ਸਾਹਿਤਕ ਖੇਤਰ 'ਚ ਸੋਗ ਦੀ ਲਹਿਰ
ਚੰਡੀਗੜ੍ਹ : ਦੇਸ਼ ਵੰਡ ਦੌਰਾਨ ਪੰਜਾਬੀਆਂ ਵਲੋਂ ਹੰਢਾਏ ਸੰਤਾਪ ਦੀ ਬਾਤ ਪਾਉਣ ਵਾਲੇ ਪ੍ਰਸਿੱਧ ਪਾਕਿਸਤਾਨੀ ਲੇਖਕ ਜਨਾਬ ਆਮੀਨ ਮਲਿਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਅਮੀਨ ਮਲਿਕ ਨੇ ਪੰਜਾਬੀ ਸਾਹਿਤ ਵਿਚ ਉੱਘਾ ਯੋਗਦਾਨ ਪਾਇਆ ਹੈ। ਦੇਸ਼ ਵੰਡ ਦੌਰਾਨ ਪਿੰਡੇ ਹੰਡਾਢੇ ਉਜਾੜੇ ਦੇ ਸੰਤਾਪ ਨੂੰ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਪੜ੍ਹ ਕੇ ਪਾਠਕ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਵੰਡ ਦੇ ਦਰਦ ਨੂੰ ਜਿੰਨੀ ਸ਼ਿਦਤ ਤੇ ਸਾਫ਼ਗੋਈ ਨਾਲ ਉਨ੍ਹਾਂ ਛੋਹਿਆ ਹੈ, ਸ਼ਾਇਦ ਹੀ ਕਿਸੇ ਲੇਖਕ ਨੇ ਛੋਹਿਆ ਹੋਵੇਗਾ।
Amin Malik
ਉਹ ਸ਼ਬਦਾਂ ਦੇ ਸੌਦਾਗਰ ਸਨ। ਅਪਣੀ ਗੱਲ ਕਹਿਣ ਦਾ ਉਨ੍ਹਾਂ ਦਾ ਲਹਿਜਾ ਪਾਠਕ ਦੀ ਪੜ੍ਹਨ-ਲੜੀ ਨੂੰ ਅਜਿਹਾ ਜੋੜਦਾ ਹੈ ਕਿ ਪਾਠਕ ਨੂੰ ਪਤਾ ਹੀ ਨਹੀਂ ਚੱਲਦਾ, ਕਦੋਂ ਉਨ੍ਹਾਂ ਦੇ ਲਮੇਰੇ ਲੇਖ ਅੱਖਾਂ ਅੱਗੋਂ ਗੁਜ਼ਰ ਜਾਂਦੇ ਹਨ। ਉਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿੱਪੀਅੰਤਰਨ ਹੋ ਕੇ ਵੀ ਛਪੀਆਂ ਹਨ।
Amin Malik
ਭਾਰਤ ਅਤੇ ਵਿਦੇਸ਼ਾਂ ਵਿਚ ਛਪਣ ਵਾਲੇ ਅਨੇਕਾਂ ਅਖ਼ਬਾਰਾਂ ਵਿਚ ਉਨ੍ਹਾਂ ਦੇ ਲੇਖ ਛਪਦੇ ਰਹੇ ਹਨ ਅਤੇ ਪਾਠਕਾਂ ਉਨ੍ਹਾਂ ਦੀਆਂ ਰਚਨਾਵਾਂ ਦੀ ਅਗਲੀ ਕਿਸ਼ਤ ਦੀ ਸ਼ਿੱਦਤ ਨਾਲ ਉਡੀਕ ਕਰਦੇ ਸਨ। ਖ਼ਾਸ ਕਰ ਕੇ ਉਨ੍ਹਾਂ ਦੀਆਂ ਚੜ੍ਹਦੇ ਪੰਜਾਬ ਵਿਚ ਛਪੀਆਂ ਪੰਜਾਬੀ ਪੁਸਤਕਾਂ ਨੂੰ ਪਾਠਕ ਧੜਾਧੜ ਖ਼ਰੀਦ ਕੇ ਪੜ੍ਹਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਅਪਣੇ ਪਰਿਵਾਰ ਨਾਲ ਲੰਡਨ ਵਿਚ ਰਹਿ ਰਹੇ ਸਨ।
Amin Malik
ਉਹ ਅਕਸਰ ਭਾਰਤੀ ਪੰਜਾਬ ਦਾ ਦੌਰਾ ਕਰਦੇ ਸਨ ਤੇ ਪੰਜਾਬੀ ਸਾਹਿਤ ਦੇ ਪਾਠਕਾਂ ਉਨ੍ਹਾਂ ਨੂੰ ਮਿਲਣ ਲਈ ਉਤਸਕ ਰਹਿੰਦੇ ਸਨ। ਪੰਜਾਬ ਅਤੇ ਵਿਦੇਸ਼ਾਂ ਅੰਦਰ ਜਿੱਥੇ ਵੀ ਪੰਜਾਬੀ ਵਸਦੇ ਹਨ, ਉਨ੍ਹਾਂ ਦੀਆਂ ਲਿਖਤਾਂ ਨੂੰ ਦਿਲਚਸਪੀ ਨਾਲ ਪੜ੍ਹਦੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਇਸ ਸਾਹਿਤਕਾਰ ਦੇ ਚਲਾਣੇ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।