
ਪਤਾ ਲੱਗਿਆ ਹੈ ਕਿ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੇ ਉਕਤ ਵਿਅਕਤੀ ਨੂੰ ਰੋਕ ਕੇ ਰੱਖਿਆ, ਅਤੇ ਬਾਅਦ 'ਚ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਸਿੰਗਾਪੁਰ- ਖ਼ਬਰ ਮਿਲੀ ਹੈ ਕਿ ਇੱਕ ਵਿਅਕਤੀ ਨੂੰ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ 'ਤੇ ਹਮਲਾ ਕਰਨ, ਅਤੇ ਆਪਣੇ ਬੈਗ ਵਿੱਚ ਧਮਕਾਖ਼ੇਜ਼ ਸਮੱਗਰੀ ਹੋਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਕਤ ਘਟਨਾ ਬੁੱਧਵਾਰ 28 ਸਤੰਬਰ ਨੂੰ ਤੜਕੇ ਸਵੇਰ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਰੀਬ 209 ਯਾਤਰੀਆਂ ਨੂੰ ਲੈ ਕੇ ਸੈਨ ਫ਼ਰਾਂਸਿਸਕੋ ਤੋਂ ਸਿੰਗਾਪੁਰ ਜਾ ਰਹੀ ਫਲਾਈਟ 'SQ33' ਦੇ ਇੱਕ ਯਾਤਰੀ ਨੇ ਆਪਣੇ ਬੈਗ 'ਚ ਬੰਬ ਹੋਣ ਦਾ ਦਾਅਵਾ ਕੀਤਾ ਅਤੇ ਚਾਲਕ ਦਲ ਦੇ ਇੱਕ ਮੈਂਬਰ 'ਤੇ ਹਮਲਾ ਵੀ ਕੀਤਾ।
ਪਤਾ ਲੱਗਿਆ ਹੈ ਕਿ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੇ ਉਕਤ ਵਿਅਕਤੀ ਨੂੰ ਰੋਕ ਕੇ ਰੱਖਿਆ, ਅਤੇ ਬਾਅਦ 'ਚ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਕਿਹਾ ਗਿਆ ਹੈ ਕਿ ਮੁਲਜ਼ਮ ਖ਼ਿਲਾਫ਼ ਦੋਸ਼ ਤੈਅ ਨਾ ਹੋ ਜਾਣ ਤੱਕ ਉਸ ਬਾਰੇ ਵੇਰਵਿਆਂ ਦਾ ਖ਼ੁਲਾਸਾ ਨਹੀਂ ਕੀਤਾ ਜਾਵੇਗਾ। ਕਾਨੂੰਨੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ 37 ਸਾਲਾ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸਿੰਗਾਪੁਰ ਏਅਰਲਾਈਨਜ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁੱਸੇਖੋਰ ਯਾਤਰੀ ਨੇ ਕਥਿਤ ਤੌਰ 'ਤੇ ਚਾਲਕ ਦਲ ਦੇ ਮੈਂਬਰ ਨੂੰ ਮਾਰਿਆ। ਰੱਖਿਆ ਮੰਤਰਾਲੇ ਨੇ ਇੱਕ ਫ਼ੇਸਬੁੱਕ ਪੋਸਟ ਵਿੱਚ ਕਿਹਾ ਕਿ ਯਾਤਰੀ ਦੇ ਦਾਅਵਿਆਂ ਦੀ ਜਾਂਚ ਦੀ ਪੁਸ਼ਟੀ ਲਈ ਹਵਾਈ ਅੱਡਾ ਪੁਲਿਸ, ਫ਼ੌਜ ਦੇ ਰਸਾਇਣਕ, ਜੀਵ ਵਿਗਿਆਨਕ, ਰੇਡੀਓਲੌਜੀਕਲ ਅਤੇ ਵਿਸਫ਼ੋਟਕ ਸੁਰੱਖਿਆ ਸਮੂਹ ਦੇ ਕਰਮਚਾਰੀ ਮੌਕੇ 'ਤੇ ਹਾਜ਼ਰ ਸਨ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਬਾਅਦ ਵਿੱਚ ਬੰਬ ਦੀ ਧਮਕੀ ਝੂਠੀ ਸਾਬਤ ਹੋਈ।