ਮਾਂ ਦੇ ਜਨਮ ਦਿਨ ਵਾਲੇ ਨੰਬਰ ਨੇ ਚਮਕਾਈ 29 ਸਾਲ ਦੇ ਅਨਿਲ ਕੁਮਾਰ ਬੋਲੇ ਦੀ ਕਿਸਮਤ
ਆਬੂ ਧਾਬੀ : ਅਬੂ ਧਾਬੀ ਵਿੱਚ ਰਹਿਣ ਵਾਲੇ 29 ਸਾਲਾ ਭਾਰਤੀ ਵਿਅਕਤੀ ਅਨਿਲ ਕੁਮਾਰ ਬੋਲੇ ਨੇ ਯੂਏਈ ਲਾਟਰੀ ਵਿੱਚ ਪਹਿਲਾ ਇਨਾਮ ਜਿੱਤਿਆ ਹੈ। ਅਨਿਲ ਨੇ 23ਵੇਂ ‘ਲੱਕੀ ਡੇਅ ਡਰਾਅ’ ਵਿੱਚ ਹਿੱਸਾ ਲਿਆ ਅਤੇ ਉਸ ਨੇ 100 ਮਿਲੀਅਨ ਦਿਰਹਾਮ (ਲਗਭਗ 240 ਕਰੋੜ ਰੁਪਏ) ਦਾ ਜੈਕਪਾਟ ਜਿੱਤਿਆ। ਯੂਏਈ ਲਾਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਨਾ ਵੱਡਾ ਇਨਾਮ ਜਿੱਤਿਆ ਗਿਆ ਹੈ। ਲਾਟਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਨਿਲ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੀ ਸੁਨਹਿਰੀ ਜਿੱਤ ਦਾ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। ਅਨਿਲ ਨੇ ਦੱਸਿਆ ਕਿ ਉਸ ਲਾਟਰੀ ਜਿੱਤਣ ਲਈ ਕੋਈ ਖਾਸ ਚਾਲ ਨਹੀਂ ਵਰਤੀ, ਪਰ ‘ਈਜ਼ੀ ਪਿਕ’ ਵਿਕਲਪ ਰਾਹੀਂ ਟਿਕਟ ਦੀ ਚੋਣ ਕੀਤੀ। ਉਸਨੇ ਕਿਹਾ ਕਿ ਟਿਕਟ ’ਤੇ ਆਖਰੀ ਨੰਬਰ ਮੇਰੀ ਮਾਂ ਦੇ ਜਨਮ ਦਿਨ ਨਾਲ ਮੇਲ ਖਾਂਦਾ ਹੈ। ਸ਼ਾਇਦ ਇਹੀ ਮੇਰੀ ਕਿਸਮਤ ਦਾ ਰਾਜ਼ ਹੈ।
ਅਨਿਲ ਨੇ ਕਿਹਾ ਕਿ ਜਦੋਂ ਉਸਨੂੰ ਆਪਣੀ ਜਿੱਤ ਬਾਰੇ ਪਤਾ ਲੱਗਾ ਤਾਂ ਉਸਨੂੰ ਵਿਸ਼ਵਾਸ ਨਹੀਂ ਹੋਇਆ। ਹੁਣ ਉਹ ਪੈਸੇ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਸ ਦੀ ਚੰਗੀ ਵਰਤੋਂ ਕੀਤੀ ਜਾ ਸਕੇ। ਅਨਿਲ ਨੇ ਕਿਹਾ ਕਿ ਮੈਂ ਯਕੀਨੀ ਤੌਰ ’ਤੇ ਇੱਕ ਸੁਪਰਕਾਰ ਖਰੀਦਣਾ ਚਾਹੁੰਦਾ ਹਾਂ ਅਤੇ ਇਸ ਜਿੱਤ ਦਾ ਜਸ਼ਨ ਇੱਕ ਸੱਤ-ਸਿਤਾਰਾ ਹੋਟਲ ਵਿੱਚ ਮਨਾਉਣਾ ਚਾਹੁੰਦਾ ਹਾਂ। ਪਰ ਉਸਦੀ ਸਭ ਤੋਂ ਵੱਡੀ ਇੱਛਾ ਆਪਣੇ ਪਰਿਵਾਰ ਨੂੰ ਯੂਏਈ ਲਿਆਉਣਾ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਹੈ।
