
ਲੋਕਾਂ ਨੇ ਦੇਸ਼ ਦੇ ਦੱਖਣ-ਪੂਰਬੀ ਖੋਸਤ ਸੂਬੇ ’ਚ ਅਫਗਾਨਿਸਤਾਨ ਦੇ ਜਵਾਬੀ ਹਮਲੇ ਦਾ ਜਸ਼ਨ ਮਨਾਇਆ, ‘ਪਾਕਿਸਤਾਨ ਦੀ ਮੌਤ’ ਵਰਗੇ ਗੁੱਸੇ ਭਰੇ ਨਾਅਰੇ ਲੱਗੇ
ਕਾਬੁਲ : ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਦੀ ਫੌਜ ਨੇ ਪਿਛਲੇ ਹਫਤੇ ਪਾਕਿਸਤਾਨ ’ਤੇ ਹੋਏ ਘਾਤਕ ਹਵਾਈ ਹਮਲਿਆਂ ਦੇ ਬਦਲੇ ’ਚ ਪਾਕਿਸਤਾਨ ਦੇ ਅੰਦਰ ਕਈ ਥਾਵਾਂ ’ਤੇ ਹਮਲੇ ਕੀਤੇ। ਪਾਕਿਸਤਾਨ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ’ਚ ਅਤਿਵਾਦੀਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਕ ਸਿਖਲਾਈ ਕੇਂਦਰ ਨੂੰ ਤਬਾਹ ਕਰ ਦਿਤਾ ਸੀ। ਪਾਕਿਸਤਾਨੀ ਹਵਾਈ ਹਮਲਿਆਂ ਵਿਚ ਕਈ ਅਫ਼ਗਾਨ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।
ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਸਨਿਚਰਵਾਰ ਨੂੰ ‘ਐਕਸ’ ’ਤੇ ਪੋਸਟ ਕੀਤੀਆਂ ਟਿਪਣੀਆਂ ਵਿਚ ਕਿਹਾ ਕਿ ਉਸ ਦੀਆਂ ਫੌਜਾਂ ਨੇ ਪਾਕਿਸਤਾਨ ਵਿਚ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜੋ ਅਫਗਾਨਿਸਤਾਨ ਵਿਚ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਨਾਲ ਜੁੜੇ ਤੱਤਾਂ ਅਤੇ ਸਮਰਥਕਾਂ ਲਈ ਲੁਕਣ ਦੇ ਟਿਕਾਣੇ ਵਜੋਂ ਵਰਤੇ ਜਾਂਦੇ ਸਨ।
ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਜ਼ਾਮੀ ਨੇ ਹਮਲਿਆਂ ਬਾਰੇ ਕੋਈ ਹੋਰ ਵੇਰਵਾ ਨਹੀਂ ਦਿਤਾ ਅਤੇ ਨਾ ਹੀ ਇਹ ਕਿਵੇਂ ਕੀਤੇ ਗਏ। ਉਨ੍ਹਾਂ ਇਹ ਵੀ ਨਹੀਂ ਦਸਿਆ ਕਿ ਕਿਸੇ ਵੀ ਪਾਸੇ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਤਾਲਿਬਾਨ ਸਮਰਥਕ ਮੀਡੀਆ ਆਊਟਲੈਟ ਹੁਰੀਅਤ ਡੇਲੀ ਨਿਊਜ਼ ਨੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਹਮਲਿਆਂ ਵਿਚ 19 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ ਹਿੰਸਾ ਵਿਚ ਤਿੰਨ ਅਫਗਾਨ ਨਾਗਰਿਕਾਂ ਦੀ ਵੀ ਮੌਤ ਹੋ ਗਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਤੁਰਤ ਕੋਈ ਟਿਪਣੀ ਨਹੀਂ ਕੀਤੀ।
ਰਸ਼ੀਦੁੱਲਾ ਹਮਦਰਦ ਨੇ ਦਸਿਆ ਕਿ ਲੋਕਾਂ ਨੇ ਦੇਸ਼ ਦੇ ਦੱਖਣ-ਪੂਰਬੀ ਖੋਸਤ ਸੂਬੇ ’ਚ ਅਫਗਾਨਿਸਤਾਨ ਦੇ ਜਵਾਬੀ ਹਮਲੇ ਦਾ ਜਸ਼ਨ ਮਨਾਇਆ। ਹਜ਼ਾਰਾਂ ਲੋਕ ਅਪਣੀ ਖੁਸ਼ੀ ਜ਼ਾਹਰ ਕਰਨ ਅਤੇ ਪਾਕਿਸਤਾਨ ਵਿਰੁਧ ਅਫਗਾਨ ਫੌਜ ਨੂੰ ਅਪਣਾ ਸਮਰਥਨ ਜ਼ਾਹਰ ਕਰਨ ਲਈ ਇਕੱਠੇ ਹੋਏ। ਖੋਸਟ ਦੇ ਗੁਆਂਢੀ ਪਕਤਿਕਾ ਨੂੰ ਪਿਛਲੇ ਹਫਤੇ ਨਿਸ਼ਾਨਾ ਬਣਾਇਆ ਗਿਆ ਸੀ। ਹਮਦਰਦ ਨੇ ਕਿਹਾ ਕਿ ਉਹ ਸਾਰੇ ਪਾਕਿਸਤਾਨ ਦੀ ਇਸ ਕਾਰਵਾਈ ਵਿਰੁਧ ‘ਪਾਕਿਸਤਾਨ ਦੀ ਮੌਤ’ ਵਰਗੇ ਗੁੱਸੇ ਭਰੇ ਨਾਅਰੇ ਲਗਾ ਰਹੇ ਸਨ।