
ਮਤੇ ਵਿਚ ਲਿਖਿਆ ਗਿਆ ਸੀ ਕਿ ਪੰਡਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।
ਬ੍ਰਿਟੇਨ - ਬਰਤਾਨੀਆ ਆਪਣੇ ਲੋਕਾਂ ਨੂੰ ਕਸ਼ਮੀਰੀ ਪੰਡਿਤਾਂ ਦੀ ‘ਬੇਰਹਿਮ ਨਸਲਕੁਸ਼ੀ’ ਬਾਰੇ ਜਾਗਰੂਕ ਕਰਨਾ ਜਾਰੀ ਰੱਖੇਗਾ। ਇਹ ਸਹੁੰ ਬ੍ਰਿਟਿਸ਼ ਸਾਂਸਦ ਬੌਬ ਬਲੈਕਮੈਨ ਨੇ ਚੁੱਕੀ ਹੈ। ਹੈਰੋ ਈਸਟ ਲਈ ਕੰਜ਼ਰਵੇਟਿਵ ਐਮਪੀ ਬੌਬ ਬਲੈਕਮੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ 1990 ਦੇ ਦਹਾਕੇ ਵਿਚ ਕਸ਼ਮੀਰੀ ਪੰਡਿਤਾਂ ਨਾਲ ਹੋਈ ਬੇਰਹਿਮ ਨਸਲਕੁਸ਼ੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਵਹਿਸ਼ੀਆਨਾ ਕਤਲੇਆਮ ਨੇ ਲੋਕਾਂ ਨੂੰ ਘਰੋਂ ਭੱਜਣ ਲਈ ਮਜਬੂਰ ਕਰ ਦਿੱਤਾ ਹੈ।
ਬ੍ਰਿਟਿਸ਼ MP ਬੌਬ ਬਲੈਕਮੈਨ ਨੇ ਟਵੀਟ ਕਰ ਕੇ ਲਿਖਿਆ ਕਿ ਉਹ ਅਤੇ ਹੋਰ ਕਈ ਪਤਵੰਤੇ ਕਸ਼ਮੀਰੀ ਪੰਡਿਤਾਂ ਨਾਲ ਹੋਈ ਨਸਲਕੁਸ਼ੀ ਨੂੰ ਯਾਦ ਕਰ ਰਹੇ ਸਨ ਤੇ ਉਸ ਸਮੇਂ ਸਾਰਾ ਕਮਰਾ ਭਰਿਆ ਹੋਇਆ ਸੀ। ਉਹਨਾਂ ਨੇ ਅੱਗੇ ਲਿਖਿਆ ਕਿ ਉਹ ਲੋਕਾਂ ਨੂੰ 1990 ਵਿਚ ਹੋਈ ਵਹਿਸ਼ੀਆਨਾ ਨਸਲਕੁਸ਼ੀ ਅਤੇ ਉਨ੍ਹਾਂ ਅੱਤਿਆਚਾਰਾਂ ਬਾਰੇ ਜਾਗਰੂਕ ਕਰਨਾ ਜਾਰੀ ਰੱਖਾਂਗੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ।
Bob Blackman Tweet
ਇਸ ਤੋਂ ਪਹਿਲਾਂ ਬੁੱਧਵਾਰ 25 ਜਨਵਰੀ ਨੂੰ ਬ੍ਰਿਟਿਸ਼ ਹਿੰਦੂਆਂ, ਕਸ਼ਮੀਰੀ ਪੰਡਿਤ ਡਾਇਸਪੋਰਾ ਅਤੇ ਸਹਿਯੋਗੀਆਂ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਨੇ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਦੇ 33 ਸਾਲ ਦੀ ਯਾਦਗਾਰ ਮਨਾਈ। ਬੌਬ ਬਲੈਕਮੈਨ 25 ਜਨਵਰੀ ਨੂੰ ਕਸ਼ਮੀਰ 'ਚ ਹਿੰਦੂਆਂ ਦੀ ਨਸਲਕੁਸ਼ੀ ਦੇ 33 ਸਾਲ ਪੂਰੇ ਹੋਣ 'ਤੇ ਹਾਊਸ ਆਫ ਕਾਮਨਜ਼ 'ਚ ਇਕ ਸਮਾਗਮ 'ਚ ਬੋਲ ਰਹੇ ਸਨ।
ਇਹ ਸਮਾਗਮ ਲੰਡਨ ਦੇ ਹਾਊਸ ਆਫ਼ ਪਾਰਲੀਮੈਂਟ ਵਿਚ ਹੋਇਆ ਸੀ ਅਤੇ ਇਸ ਦੀ ਮੇਜ਼ਬਾਨੀ ਬ੍ਰਿਟਿਸ਼ ਹਿੰਦੂਆਂ ਦੇ ਏਪੀਪੀਜੀ ਗਰੁੱਪ ਦੇ ਸਰਬ-ਪਾਰਟੀ ਸੰਸਦੀ ਚੇਅਰਮੈਨ ਬੌਬ ਬਲੈਕਮੈਨ ਨੇ ਕੀਤੀ ਸੀ। ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਨੂੰ ਯਾਦ ਕਰਨ ਲਈ ਇੱਕ ਅਰਲੀ ਡੇ ਮੋਸ਼ਨ (EDM) ਵੀ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੁਆਰਾ ਦਸਤਖ਼ਤ ਕੀਤੇ ਗਏ ਸਨ। ਮਤੇ ਵਿਚ ਲਿਖਿਆ ਗਿਆ ਸੀ ਕਿ ਪੰਡਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।