
US Army: ਰਖਿਆ ਮੰਤਰੀ ਨੂੰ ਟਰਾਂਸਜੈਂਡਰ ਫ਼ੌਜੀਆਂ ਸਬੰਧੀ ਪੈਂਟਾਗਨ ਦੀ ਨੀਤੀ ਨੂੰ ਸੋਧਨ ਦੇ ਦਿਤੇ ਨਿਰਦੇਸ਼
US Army: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਰਜਕਾਰੀ ਹੁਕਮਾਂ ’ਤੇ ਦਤਸਖ਼ਤ ਕਰ ਕੇ ਰਖਿਆ ਮੰਤਰੀ ਪੀਟ ਹੇਗਸੇਥ ਨੂੰ ਟਰਾਂਸਜੈਂਡਰ ਸੈਨਿਕਾਂ ਸਬੰਧੀ ਪੈਂਟਾਗਨ ਦੀ ਨੀਤੀ ਨੂੰ ਸੋਧਣ ਲਈ ਨਿਰਦੇਸ਼ ਦਿਤਾ ਹੈ। ਟਰੰਪ ਦਾ ਇਹ ਕਾਰਜਕਾਰੀ ਆਦੇਸ਼ ਭਵਿਖ ਵਿਚ ਅਮਰੀਕੀ ਫ਼ੌਜ ਵਿਚ ਟਰਾਂਸਜੈਂਡਰ ਸਿਪਾਹੀਆਂ ਦੀ ਭਰਤੀ ’ਤੇ ਰੋਕ ਲਗਾ ਸਕਦਾ ਹੈ। ਟਰੰਪ ਨੇ ਉਨ੍ਹਾਂ ਸਿਪਾਹੀਆਂ ਨੂੰ ਬਹਾਲ ਕਰਨ ਦਾ ਆਦੇਸ਼ ਦਿਤਾ ਜਿਨ੍ਹਾਂ ਨੂੰ ਕੋਵਿਡ -19 ਟੀਕੇ ਲੈਣ ਤੋਂ ਇਨਕਾਰ ਕਰਨ ਕਾਰਨ ਹਟਾ ਦਿਤਾ ਗਿਆ ਸੀ। ਟਰੰਪ ਦੇ ਕਾਰਜਕਾਰੀ ਆਦੇਸ਼ ਵਿਚ ਅਮਰੀਕਾ ਲਈ ਮਿਜ਼ਾਈਲ ਰਖਿਆ ਢਾਲ ਦੀ ਤਾਇਨਾਤੀ ਦਾ ਪ੍ਰਬੰਧ ਕੀਤਾ ਗਿਆ ਹੈ।
ਟਰੰਪ ਅਤੇ ਰਖਿਆ ਮੰਤਰੀ ਹੇਗਸੇਥ ਦੋਵਾਂ ਨੇ ਪੂਰੇ ਦਿਨ ਵਿਚ ਅਨੁਮਾਨਿਤ ਆਦੇਸ਼ਾਂ ਦੇ ਕੁਝ ਹਿੱਸਿਆਂ ਦਾ ਵਰਣਨ ਕੀਤਾ, ਪਰ ਸੋਮਵਾਰ ਦੇਰ ਸ਼ਾਮ ਤਕ ਇਨ੍ਹਾਂ ਕਾਰਜਕਾਰੀ ਆਦੇਸ਼ਾਂ ਬਾਰੇ ਕਿਸੇ ਜਾਣਕਾਰੀ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਸੀ। ਟਰਾਂਸਜੈਂਡਰ ਸੈਨਿਕਾਂ ’ਤੇ ਪਾਬੰਦੀ ਦੀ ਵਿਆਪਕ ਤੌਰ ’ਤੇ ਉਮੀਦ ਕੀਤੀ ਜਾ ਰਹੀ ਸੀ ਅਤੇ ਟਰੰਪ ਦੁਆਰਾ ਦਸਤਖ਼ਤ ਕੀਤੇ ਗਏ ਆਦੇਸ਼ ਨੂੰ ਭਵਿੱਖ ਵਿਚ ਪਾਬੰਦੀਆਂ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਟਰੰਪ ਨੇ ਅਪਣੇ ਆਦੇਸ਼ ਵਿਚ ਦਾਅਵਾ ਕੀਤਾ ਕਿ ਟਰਾਂਸਜੈਂਡਰ ਸੈਨਿਕਾਂ ਦੁਆਰਾ ਫ਼ੌਜ ਵਿਚ ਸੇਵਾ ਕਰਨਾ ‘ਸਨਮਾਨਯੋਗ, ਅਖੰਡਤਾ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ’ ਨੂੰ ਲੈ ਕੇ ਵਚਨਬੱਧਤਾ ਨਾਲ ਟਕਰਾਅ ਦੀ ਸਥਿਤੀ ਪੈਦਾ ਕਰਦਾ ਹੈ। ਟਰੰਪ ਨੇ ਇਸ ਨੂੰ ਫ਼ੌਜ ਦੀ ਤਿਆਰੀ ਲਈ ਨੁਕਸਾਨਦੇਹ ਦੱਸਦੇ ਹੋਏ ਇਸ ਨੂੰ ਸੋਧਣ ਲਈ ਵੀ ਕਿਹਾ ਹੈ।
ਅਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਟਰਾਂਸਜੈਂਡਰ ਫ਼ੌਜਾਂ ’ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਮੁੱਦਾ ਸਾਲਾਂ ਤਕ ਅਦਾਲਤਾਂ ਵਿਚ ਲਟਕਦਾ ਰਿਹਾ। ਇਸ ਦੇ ਬਾਅਦ ਤਤਕਾਲੀਨ ਰਾਸ਼ਟਰਪਤੀ ਜੋ ਬਾਈਡੇਨ ਨੇ ਅਹੁਦਾ ਸੰਭਾਲਣ ਤੋਂ ਤੁਰਤ ਬਾਅਦ ਇਸ ਨੂੰ ਪਲਟ ਦਿਤਾ ਸੀ।