
ਸੱਤ ਅਪ੍ਰੈਲ ਤਕ ਮੰਗਿਆ ਜਵਾਬ
ਫ਼ੇਸਬੁਕ ਡੈਟਾ ਲੀਕ ਹੋਣ ਮਗਰੋਂ ਭਾਰਤ ਸਰਕਾਰ ਨੇ ਫ਼ੇਸਬੁਕ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਫ਼ੇਸਬੁਕ ਦੇ ਸੀਈਓ ਮਾਰਕ ਜੁਕਰਬਰਗ ਨੂੰ ਆਈਟੀ ਮੰਤਰਾਲੇ ਵਲੋਂ ਭੇਜਿਆ ਗਿਆ ਹੈ। ਜੁਕਰਬਰਗ ਨੂੰ ਇਸ ਨੋਟਿਸ ਦਾ ਜਵਾਬ ਸੱਤ ਅਪ੍ਰੈਲ ਤਕ ਦੇਣ ਲਈ ਕਿਹਾ ਗਿਆ ਹੈ। ਪਿਛਲੇ ਦਿਨੀਂ ਫ਼ੇਸਬੁਕ ਵਰਤਣ ਵਾਲਿਆਂ ਦਾ ਡੈਟਾ ਲੀਕ ਹੋਣ ਦੀਆਂ ਖ਼ਬਰਾਂ ਆਈਆਂ ਸਨ।
Mark Zukerberg
ਅਮਰੀਕਾ ਤੇ ਬਰਤਾਨੀਆ ਵਿਚ ਇਸ ਗੰਭੀਰ ਮਾਮਲੇ ਦੀ ਜਾਂਚ ਚੱਲ ਰਹੀ ਹੈ। 2.2 ਅਰਬ ਲੋਕ ਫ਼ੇਸਬੁਕ ਵਰਤਦੇ ਹਨ। ਮਾਰਕ ਨੇ ਵੀ ਮੰਨਿਆ ਸੀ ਕਿ ਉਨ੍ਹਾਂ ਦੀ ਕੰਪਨੀ ਕੋਲੋਂ ਗ਼ਲਤੀ ਹੋਈ ਹੈ। ਉਸ ਨੇ ਮਾਫ਼ੀ ਵੀ ਮੰਗੀ ਸੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਫ਼ੇਸਬੁਕ ਨੂੰ ਚੇਤਾਵਨੀ ਦਿਤੀ ਸੀ ਤੇ ਕਿਹਾ ਸੀ ਕਿ ਉਹ ਭਾਰਤ ਦੀ ਚੋਣ ਕਵਾਇਦ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਾ ਕਰੇ। ਉਧਰ, ਭਾਰਤੀ ਸਾਈਬਰ ਸੁਰੱਖਿਆ ਏਜੰਸੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਧਾਰ ਕਾਰਡ ਅਤੇ ਹੋਰ ਅਹਿਮ ਜਾਣਕਾਰੀਆਂ ਸੋਸ਼ਲ ਮੀਡੀਆ ਵਿਚ ਸਾਂਝੀਆਂ ਨਾ ਕਰਨ। (ਏਜੰਸੀ)