
ਕੋਰੋਨਾ ਵਾਇਰਸ ਨੇ ਇਟਲੀ ਨੂੰ ਬੁਰੀ ਤਰ੍ਹਾਂ ਅਪਣੀ ਚਪੇਟ ਵਿਚ ਲੈ ਲਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਇਟਲੀ ਨੂੰ ਬੁਰੀ ਤਰ੍ਹਾਂ ਅਪਣੀ ਚਪੇਟ ਵਿਚ ਲੈ ਲਿਆ ਹੈ। ਇਟਲੀ ਵਿਚ ਇਸ ਖਤਰਨਾਕ ਵਾਇਰਸ ਕਾਰਨ ਹੁਣ ਤਕ 86,000 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 9134 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਇਹ ਹੈ ਕਿ ਵੱਖ ਵੱਖ ਚਰਚਾਂ ਵਿਚ ਸੈਂਕੜੇ ਲਾਸ਼ਾਂ ਰੱਖੀਆਂ ਹੋਈਆਂ ਹਨ। ਲੋਕ ਕੋਰੋਨਾ ਦੇ ਡਰੋਂ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਰਹੇ।
ਅਜਿਹੀ ਸਥਿਤੀ ਵਿਚ ਲੋਕ ਅੰਤਮ ਸਸਕਾਰ ਵਿਚ ਵੀ ਸ਼ਾਮਲ ਨਹੀਂ ਹੋ ਰਹੇ ਅਤੇ ਫੌਜ ਨੇ ਮ੍ਰਿਤਕਾਂ ਦਾ ਸਸਕਾਰ ਕਰਨ ਲਈ ਮੋਰਚਾ ਸੰਭਾਲ ਲਿਆ ਹੈ। ਇਟਲੀ ਵਿਚ ਤਿੰਨ ਹਫਤਿਆਂ ਤੋਂ ਬੰਦ ਰਹਿਣ ਦੇ ਬਾਵਜੂਦ ਸਥਿਤੀ ਆਮ ਵਾਂਗ ਨਹੀਂ ਹੋ ਰਹੀ। ਸੜਕਾਂ ‘ਤੇ ਖਾਮੋਸ਼ੀ ਛਾਈ ਹੋਈ ਹੈ ਅਤੇ ਸਿਰਫ਼ ਪੁਲਿਸ ਅਤੇ ਫੌਜ ਦੀਆਂ ਗੱਡੀਆਂ ਸੜਕਾਂ 'ਤੇ ਦਿਖਾਈ ਦਿੰਦੀਆਂ ਹਨ।
ਕੋਰੋਨਾ ਵਾਇਰਸ ਨਾਲ ਇਟਲੀ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਦਰਅਸਲ, ਇਟਲੀ ਦੇ ਲੋਂਬਾਰਡੀ ਇਲਾਕੇ ਦਾ ਇਟਲੀ ਦੀ ਅਰਥਵਿਵਸਥਾ ਵਿਚ 20 ਪ੍ਰਤੀਸ਼ਤ ਯੋਗਦਾਨ ਹੈ। ਉੱਥੇ ਹੀ ਕੋਰੋਨਾ ਦਾ ਪ੍ਰਭਾਵ ਇਸ ਖੇਤਰ ਵਿਚ ਸਭ ਤੋਂ ਜ਼ਿਆਦਾ ਹੈ। ਲੋਂਬਾਰਡੀ ਵਿਚ ਹੁਣ ਤੱਕ 23,895 ਲੋਕ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿਚੋਂ 5402 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਾਲਾਂਕਿ ਇਟਲੀ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧੇ ਦੀ ਦਰ ਵਿਚ 8 ਪ੍ਰਤੀਸ਼ਤ ਦੀ ਕਮੀ ਆਈ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਕਮੀ ਤਾਲਾਬੰਦੀ ਕਾਰਨ ਹੋਈ ਹੈ। ਇਟਲੀ ਦੀ ਆਰਥਿਕਤਾ ਦੀ ਗੱਲ ਕਰੀਏ ਤਾਂ 2008-09 ਦੀ ਮੰਦੀ ਨਾਲੋਂ ਵੀ ਬਦਤਰ ਹਾਲਾਤ ਹਨ। ਸਰਕਾਰ ਨੇ ਕੰਪਨੀਆਂ ਨੂੰ 25 ਬਿਲੀਅਨ ਯੂਰੋ ਪੈਕੇਜ ਦੇਣ ਦਾ ਵਾਅਦਾ ਕੀਤਾ ਹੈ। ਹਾਲਾਂਕਿ ਇਸ ਨੂੰ ਬਹੁਤ ਛੋਟੀ ਜਿਹੀ ਸਹਾਇਤਾ ਦੱਸਿਆ ਜਾ ਰਿਹਾ ਹੈ।
ਇਟਲੀ ਵਿਚ ਪ੍ਰਭਾਵਿਤ ਲੋਕਾਂ ਦੀ ਔਸਤ ਉਮਰ 80.4 ਸਾਲ ਹੈ। 65 ਸਾਲਾਂ ਤੋਂ ਉਪਰ ਦੀ ਆਬਾਦੀ ਇੱਥੇ ਦੀ ਕੁੱਲ ਆਬਾਦੀ ਦਾ 23.3 ਪ੍ਰਤੀਸ਼ਤ ਹੈ। ਕੋਰੋਨਾ ਕਾਰਨ ਇਟਲੀ ਵਿਚ ਮੌਤ ਦਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ 22% ਹੈ। ਉੱਥੇ ਹੀ ਇਹ ਦਰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਸਿਰਫ ਇਕ ਪ੍ਰਤੀਸ਼ਤ ਹੈ। ਇਨ੍ਹਾਂ ਵਿਚ ਸ਼ੂਗਰ, ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕ ਵੀ ਸ਼ਾਮਲ ਹਨ।