
Earthquake Myanmar News : ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ, 2300 ਤੋਂ ਵੱਧ ਲੋਕ ਜ਼ਖ਼ਮੀ
Earthquake Myanmar News in Punjabi : ਮਿਆਂਮਾਰ ਵਿੱਚ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਅਤੇ ਬਾਅਦ ਵਿੱਚ ਆਏ 6.4 ਤੀਬਰਤਾ ਦੇ ਝਟਕਿਆਂ ਨੇ ਭਾਰੀ ਤਬਾਹੀ ਮਚਾਈ। ਦੇਰ ਰਾਤ ਮੁੜ 4.2 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਤਬਾਹੀ 'ਚ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ ਚੁੱਕੀ ਹੈ ਅਤੇ 2300 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ, ਇਹ ਜਾਣਕਾਰੀ ਮਿਆਂਮਾਰ ਦੀ ਫੌਜੀ ਸਰਕਾਰ (ਜੁੰਟਾ) ਦੇ ਮੁਖੀ ਨੇ ਦਿੱਤੀ ਹੈ। ਭੂਚਾਲ ਕਾਰਨ ਕਈ ਇਮਾਰਤਾਂ, ਪੁਲ ਅਤੇ ਇਤਿਹਾਸਕ ਇਮਾਰਤਾਂ ਢਹਿ ਗਈਆਂ ਹਨ।
ਮਿਆਂਮਾਰ ’ਚ ਆਏ ਭੂਚਾਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਪ੍ਰਗਟਾਈ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਭੂਚਾਲ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰੇਗਾ। ਭਾਰਤ ਨੇ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਭੇਜੀ ਹੈ।
ਇਸ ਕਾਰਨ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਦੇ ਅਨੁਸਾਰ, ਭੂਚਾਲ ਦਾ ਕੇਂਦਰ ਮਾਂਡਲੇ ਸ਼ਹਿਰ ਤੋਂ 17.2 ਕਿਲੋਮੀਟਰ ਦੂਰ ਸੀ, ਜਿੱਥੇ ਲਗਭਗ 1.5 ਮਿਲੀਅਨ ਲੋਕ ਰਹਿੰਦੇ ਹਨ। ਮਾਂਡਲੇ ਤੋਂ ਇਲਾਵਾ ਸਾਗਾਇੰਗ, ਨੇਪੀਡਾਵ ਅਤੇ ਹੋਰ ਖੇਤਰਾਂ ਵਿੱਚ ਵੀ ਭੂਚਾਲ ਦਾ ਜ਼ਬਰਦਸਤ ਪ੍ਰਭਾਵ ਦੇਖਿਆ ਗਿਆ। ਉਧਰ, ਦੇਰ ਰਾਤ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਸ਼ੁੱਕਰਵਾਰ ਰਾਤ 11:56 ਦੇ ਕਰੀਬ ਲੱਗੇ। ਇਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.2 ਮਾਪੀ ਗਈ। ਇਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ।
ਮਿਆਂਮਾਰ ਦੀ ਸੱਤਾਧਾਰੀ ਫੌਜੀ ਸਰਕਾਰ (ਜੁੰਟਾ) ਨੇ ਛੇ ਸੂਬਿਆਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਅਤੇ ਅੰਤਰਰਾਸ਼ਟਰੀ ਸਹਾਇਤਾ ਦੀ ਅਪੀਲ ਕੀਤੀ ਹੈ, ਪਰ ਤਬਾਹੀ ਦੀ ਅਸਲ ਤਸਵੀਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਕਿਉਂਕਿ ਬਹੁਤ ਸਾਰੇ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣਾ ਮੁਸ਼ਕਲ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਡਿੱਗੀਆਂ ਇਮਾਰਤਾਂ, ਟੁੱਟੀਆਂ ਸੜਕਾਂ ਅਤੇ ਖੰਡਰ ਘਰਾਂ ਨੂੰ ਦੇਖਿਆ ਜਾ ਸਕਦਾ ਹੈ।
(For more news apart from Earthquake in Southeast Asia causes devastation, 4.2 magnitude earthquake strikes late at night News in Punjabi, stay tuned to Rozana Spokesman)