
ਪੂਰੀ ਦੁਨੀਆ ਇਸ ਸਮੇਂ ਕੋਰੋਨਾ ਸੰਕਰਮਣ ਦੀ ਚਪੇਟ ਵਿਚ ਹੈ।
ਦੁਬਈ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਸੰਕਰਮਣ ਦੀ ਚਪੇਟ ਵਿਚ ਹੈ। ਮਹਾਮਾਰੀ ਦੇ ਇਸ ਦੌਰ ਵਿਚ ਡਾਕਟਰ ਯੋਧਿਆਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਕਈ ਥਾਵਾਂ 'ਤੇ ਲੋਕ ਇਹਨਾਂ 'ਤੇ ਫੁੱਲ ਬਰਸਾ ਰਹੇ ਹਨ ਤਾਂ ਕਈ ਥਾਵਾਂ 'ਤੇ ਡਾਕਟਰਾਂ ਲਈ ਤਾਲੀਆਂ ਵੱਜ ਰਹੀਆਂ ਹਨ।
Photo
ਦੁਬਈ ਵਿਚ ਇਕ ਭਾਰਤੀ ਡਾਕਟਰ ਉਸ ਸਮੇਂ ਹੈਰਾਨ ਅਤੇ ਭਾਵੁਕ ਹੋ ਗਈ, ਜਦੋਂ ਪੁਲਿਸ ਨੇ ਉਹਨਾਂ ਦੀ ਕਾਰ ਰੋਕ ਕੇ ਉਹਨਾਂ ਨੂੰ ਸਨਮਾਨ ਵਜੋਂ ਸਲਾਮੀ ਦਿੱਤੀ।
ਹੈਦਰਾਬਾਦ ਦੀ ਆਇਸ਼ਾ ਸੁਲਤਾਨਾ ਬੀਤੇ ਮੰਗਲਵਾਰ ਨੂੰ ਦੁਬਈ ਵਿਚ ਅਲ ਅਹਲੀ ਸਕਰੀਨਿੰਗ ਸੈਂਟਰ ਵਿਚ ਅਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਸ਼ਾਰਜਾਹ ਅਪਣੇ ਘਰ ਪਰਤ ਰਹੀ ਸੀ।
Photo
ਇਸ ਦੌਰਾਨ ਦੁਬਈ-ਸ਼ਾਰਜਾਹ ਰਾਜ ਮਾਰਗ 'ਤੇ ਅਲ ਪਲਾਜ਼ਾ ਕੋਲ ਪੁਲਿਸ ਨੇ ਉਹਨਾਂ ਦੀ ਕਾਰ ਨੂੰ ਰੋਕ ਲਿਆ। ਇਹ ਦੇਖ ਕੇ ਡਾਕਟਰ ਸੁਲਤਾਨਾ ਘਬਰਾ ਗਈ ਅਤੇ ਉਹਨਾਂ ਨੇ ਪੁਲਿਸ ਨੂੰ ਦਿਖਾਉਣ ਲਈ ਅਪਣੇ ਦਸਤਾਵੇਜ਼ ਕੱਢੇ ਪਰ ਪੁਲਿਸ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ।
Photo
ਉਹਨਾਂ ਨੇ ਡਾਕਟਰ ਨੂੰ ਸਲਾਮੀ ਦਿੱਤੀ ਤੇ ਕਿਹਾ ਕਿ ਤੁਸੀਂ ਜਾ ਸਕਦੇ ਹੋ। ਸੁਲਤਾਨਾ ਨੇ ਟਵੀਟ ਕਰ ਕੇ ਕਿਹਾ, 'ਇਕ ਡਾਕਟਰ ਨੂੰ ਮਿਲਣ ਵਾਲਾ ਇਹ ਸਭ ਤੋਂ ਵਧੀਆ ਇਨਾਮ ਹੈ। ਇਸ ਨੂੰ ਮੈਂ ਕਦੀ ਨਹੀਂ ਭੁੱਲ ਸਕਦੀ'। ਉਹਨਾਂ ਨੇ ਟਵਿਟਰ 'ਤੇ ਦੁਬਈ ਪੁਲਿਸ ਦਾ ਧੰਨਵਾਦ ਕੀਤਾ।