
ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਅੱਜ ਦਸਿਆ ਗਿਆ ਕਿ ਪਿਛਲੇ ਸਾਲ ਦੁਨੀਆਂ ਭਰ 'ਚ ਹੋਏ ਹਥਿਆਰਬੰਦ ਸੰਘਰਸ਼ਾਂ 'ਚ 10 ਹਜ਼ਾਰ ਤੋਂ ਜ਼ਿਆਦਾ ਬੱਚੇ ਮਾਰੇ........
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਅੱਜ ਦਸਿਆ ਗਿਆ ਕਿ ਪਿਛਲੇ ਸਾਲ ਦੁਨੀਆਂ ਭਰ 'ਚ ਹੋਏ ਹਥਿਆਰਬੰਦ ਸੰਘਰਸ਼ਾਂ 'ਚ 10 ਹਜ਼ਾਰ ਤੋਂ ਜ਼ਿਆਦਾ ਬੱਚੇ ਮਾਰੇ ਗਏ ਜਾਂ ਅਪਾਹਜ ਹੋ ਗਏ। ਇਸ ਦੇ ਨਾਲ ਹੀ ਕਈ ਬੱਚੇ ਬਲਾਤਕਾਰ ਦੇ ਸ਼ਿਕਾਰ ਹੋਏ, ਹਥਿਆਰਬੰਦ ਫ਼ੌਜੀ ਬਣਨ ਲਈ ਮਜਬੂਰ ਕੀਤੇ ਗਏ ਜਾਂ ਸਕੂਲ ਅਤੇ ਹਸਪਤਾਲ 'ਚ ਹੋਏ ਹਮਲਿਆਂ ਦੀ ਮਾਰ ਹੇਠ ਆ ਗਏ।
ਸੰਯੁਕਤ ਰਾਸ਼ਟਰ ਦੀ ਸਾਲਾਨਾ 'ਚਿਲਡਰਨ ਐਂਡ ਆਰਮਡ ਕਾਨਫ਼ਲਿਕਟ' ਰੀਪੋਰਟ ਮੁਤਾਬਕ 2017 'ਚ ਬਾਲ ਅਧਿਕਾਰਾਂ ਦੀ ਉਲੰਘਣਾ ਦੇ ਕੁਲ 21 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜੋ ਉਸ ਤੋਂ ਪਿਛਲੇ ਸਾਲ (2016) ਦੇ ਮੁਕਾਬਲੇ ਬਹੁਤ ਜ਼ਿਆਦਾ ਸਨ। ਯਮਨ 'ਚ ਬੱਚਿਆਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਲਈ ਸੰਯੁਕਤ ਰਾਸ਼ਟਰ ਨੇ ਉਥੇ ਲੜ ਰਹੇ ਅਮਰੀਕੀ ਹਮਾਇਤ ਪ੍ਰਾਪਤ ਫ਼ੌਜੀ ਗਠਜੋੜ ਨੂੰ ਦੋਸ਼ੀ ਠਹਿਰਾਇਆ। ਇਹ ਬੱਚੇ ਉਨ੍ਹਾਂ ਹਵਾਈ ਅਤੇ ਜ਼ਮੀਨੀ ਹਮਲਿਆਂ ਦੇ ਸ਼ਿਕਾਰ ਹੋਏ ਜੋ ਯਮਨ ਦੀ ਕੋਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਵਿਰੁਧ ਲੜ ਰਹੇ
ਹੂਤੀ ਵਿਰੋਧੀਆਂ ਉਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਲੋਂ ਕੀਤੇ ਗਏ। ਇਥੇ ਸੰਘਰਸ਼ 'ਚ 1300 ਬੱਚਿਆਂ ਦੀ ਜਾਨ ਗਈ ਜਾਂ ਉਹ ਜ਼ਖ਼ਮੀ ਹੋਏ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਰੀਪੋਰਟ 'ਚ ਜਿਨ੍ਹਾਂ ਬੱਚਿਆਂ ਦੇ ਪੀੜਤ ਹੋਣ ਦੀ ਗੱਲ ਕੀਤੀ ਗਈ ਹੈ ਉਹ ਯਮਨ ਜਾਂ ਦੂਜੇ ਦੇਸ਼ਾਂ ਦੇ ਗ੍ਰਹਿਯੁੱਧ 'ਚ ਬਾਲ ਸੈਨਿਕ ਵਜੋਂ ਲੜਨ ਵਾਲੇ 11 ਸਾਲ ਤਕ ਦੀ ਉਮਰ ਦੇ ਬੱਚੇ ਸਨ। ਰੀਪੋਰਟ ਮੁਤਾਬਕ ਬਾਲ ਅਧਿਕਾਰਾਂ ਦੀ ਉਲੰਘਣਾ ਦੇ ਜ਼ਿਆਦਾਤਰ ਮਾਮਲੇ ਇਰਾਮ, ਮਿਆਂਮਾਰ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ, ਦਖਣੀ ਸੂਡਾਨ, ਸੀਰੀਆ ਅਤੇ ਯਮਨ ਦੇ ਹਨ।
ਰੀਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਹਥਿਆਰਬੰਦ ਸਮੂਹ ਬੱਚਿਆਂ ਨੂੰ ਲਗਾਤਾਰ ਭਰਤੀ ਕਰ ਰਹੇ ਹਨ ਅਤੇ ਉਹ ਉਨ੍ਹਾਂ ਦਾ ਪ੍ਰਯੋਗ ਕਥਿਤ ਤੌਰ ਤੇ ਆਤਮਘਾਤੀ ਹਮਲਿਆਂ ਲਈ ਕਰਦੇ ਹਨ। ਇਨ੍ਹਾਂ 'ਚ ਮਦਰੱਸਿਆਂ 'ਚ ਪੜ੍ਹਨ ਵਾਲੇ ਬੱਚੇ ਵੀ ਸ਼ਾਮਲ ਹਨ। ਰੀਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਨੇ ਅਜਿਹੇ ਵੀਡੀਉ ਜਾਰੀ ਕੀਤੇ ਹਨ ਜਿਨ੍ਹਾਂ 'ਚ ਉਨ੍ਹਾਂ ਨੂੰ ਦਸਿਆ ਜਾ ਰਿਹਾ ਹੈ ਕਿ ਆਤਮਘਾਤੀ ਹਮਲੇ ਕਿਸ ਤਰ੍ਹਾਂ ਕੀਤੇ ਜਾਂਦੇ ਹਨ।
ਜਨਵਰੀ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਵੀਡੀਉ ਜਾਰੀ ਕੀਤਾ ਜਿਸ 'ਚ ਕੁੜੀਆਂ ਸਮੇਤ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਆਤਮਘਾਤੀ ਹਮਲੇ ਕਿਸ ਤਰ੍ਹਾਂ ਕੀਤੇ ਜਾਂਦੇ ਹਨ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਉ ਗੁਤਾਰੇਸ ਨੇ ਕਿਹਾ ਕਿ ਉਹ ਹਥਿਆਰਬੰਦ ਸਮੂਹਾਂ ਵਲੋਂ ਸਕੂਲਾਂ ਉਤੇ ਲਗਾਤਾਰ ਹਮਲੇ ਕੀਤੇ ਜਾਣ, ਖ਼ਾਸ ਕਰ ਕੇ ਕੁੜੀਆਂ ਦੀ ਸਿਖਿਆ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚਿੰਤਤ ਹਨ। (ਪੀਟੀਆਈ)