
ਗਲਵਾਨ ਝੜਪ ਪਿਛੋਂ ਅਪਣੇ ਹੀ ਦੇਸ਼ ਵਿਚ ਘਿਰਿਆ ਚੀਨ
ਬੀਜਿੰਗ, 28 ਜੂਨ : ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ ਨਾਲ ਝੜਪ 'ਚ ਮਾਰੇ ਗਏ ਚੀਨੀ ਫ਼ੌਜੀਆਂ ਨੂੰ ਲੈ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਅਪਣੇ ਹੀ ਦੇਸ਼ ਵਿਚ ਉਂਗਲੀਆਂ ਉੱਠਣ ਲੱਗੀਆਂ ਹਨ। ਹੁਣ ਤਕ ਚੀਨ ਨੇ ਮਾਰੇ ਗਏ ਫ਼ੌਜੀਆਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਦਿਤੀ, ਜਿਸ ਨੂੰ ਲੈ ਕੇ ਉਸ ਨੂੰ ਫ਼ੌਜੀਆਂ ਦੇ ਪਰਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਮੀਡੀਆ ਬ੍ਰੇਈਟਵਾਰਟ ਮੁਤਾਬਕ ਫ਼ੌਜੀਆਂ ਦੇ ਪਰਵਾਰ ਵੀਬੋ ਅਤੇ ਦੂਜੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਅਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਅਤੇ ਚੀਨ ਸਰਕਾਰ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਿਚ ਨਾਕਾਮ ਰਹਿ ਰਹੀ ਹੈ।
ਜ਼ਿਕਰਯੋਗ ਹੈ ਕਿ 15 ਜੂਨ ਨੂੰ ਹੋਈ ਝੜਪ ਵਿਚ 20 ਭਾਰਤੀ ਫ਼ੌਜੀ ਜਿਥੇ ਸ਼ਹੀਦ ਹੋ ਗਏ ਸਨ ਉਥੇ ਚੀਨ ਦੇ 40 ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਸਨ। ਖ਼ਾਸ ਗੱਲ ਇਹ ਹੈ ਕਿ ਚੀਨ ਸਰਕਾਰ ਨੇ ਕੇਵਲ ਕੁੱਝ ਫ਼ੌਜੀ ਅਧਿਕਾਰੀਆਂ ਦੇ ਮਾਰੇ ਜਾਣ ਦੀ ਗੱਲ ਕਬੂਲ ਕੀਤੀ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਅਖ਼ਬਾਰ 'ਗਲੋਬਲ ਟਾਈਮਜ਼' ਵਿਚ ਹੂ ਜਿਨ ਨੇ ਇਕ ਟਵੀਟ ਵਿਚ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਗਲਵਾਨ ਘਾਟੀ ਵਿਚ ਹੋਈ ਝੜਪ ਵਿਚ ਚੀਨ ਦੇ ਫ਼ੌਜੀਆਂ ਦਾ ਵੀ ਜਾਨੀ ਨੁਕਸਾਨ ਹੋਇਆ ਹੈ। ਖ਼ਬਰਾਂ ਅਨੁਸਾਰ ਮਾਰੇ ਗਏ ਫ਼ੌਜੀਆਂ ਦੇ ਪਰਵਾਰ ਅਪਣਾ ਗੁੱਸਾ ਜ਼ਾਹਿਰ ਕਰਨ ਲਈ ਵੀਬੋ ਦੀ ਵਰਤੋਂ ਕਰ ਰਹੇ ਹਨ।
File Photo
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਭਾਰਤ ਨੇ ਅਗਲੇ ਦਿਨ ਹੀ ਸ਼ਹੀਦ ਹੋਏ ਫ਼ੌਜੀਆਂ ਦੀ ਪਛਾਣ ਨਸਰ ਕਰ ਦਿਤੀ ਸੀ ਜਦਕਿ ਚੀਨ ਨੇ ਕਈ ਦਿਨ ਬਾਅਦ ਵੀ ਕੇਵਲ ਇਕ ਕਮਾਂਡਿੰਗ ਅਫ਼ਸਰ ਦੇ ਮਾਰੇ ਜਾਣ ਦੀ ਗੱਲ ਮੰਨੀ ਸੀ। ਇਥੇ ਇਹ ਸੋਚਣਾ ਬਣਦਾ ਹੈ ਕਿ ਅਗਰ ਕਿਸੇ ਯੂਨਿਟ ਦਾ ਵੱਡਾ ਅਫ਼ਸਰ ਮਾਰਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਹੋਰ ਕਿੰਨੇ ਫ਼ੌਜੀ ਅੱਗੇ ਹੋਣਗੇ। ਇਸ ਲਈ ਚੀਨ ਵਲੋਂ ਅੰਕੜੇ ਸਹੀ ਪੇਸ਼ ਨਾ ਕਰਨ 'ਤੇ ਚੀਨ ਦੀ ਜਨਤਾ ਅੰਦਰ ਵੀ ਡਾਹਢਾ ਗੁਸਾ ਪਾਇਆ ਜਾ ਰਿਹਾ ਹੈ। (ਏਜੰਸੀ)