ਗਿੰਗਿਨਸ ਦੇ ਸਵਿਸ ਵਿਚ ਸਥਿਤ ਵਿਲਾ ਵੈਰੀ 4.3 ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ
ਨਵੀਂ ਦਿੱਲੀ : ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਨੇ ਹਾਲ ਹੀ ਵਿਚ ਸਵਿਟਜ਼ਰਲੈਂਡ ਵਿਚ ਸਥਿਤ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ ਖਰੀਦਿਆ ਹੈ।
ਵਿਲਾ ਵੈਰੀ ਨਾਮਕ ਇਸ ਆਲੀਸ਼ਾਨ ਘਰ ਦੀ ਕੀਮਤ 1649 ਕਰੋੜ ਰੁਪਏ ਹੈ। ਗਿੰਗਿਨਸ ਦੇ ਸਵਿਸ ਵਿਚ ਸਥਿਤ ਵਿਲਾ ਵੈਰੀ 4.3 ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ, ਜਿਥੇ ਆਲਪਸ ਦੀਆਂ ਬਰਫ ਨਾਲ ਢਕੀਆਂ ਚੋਟੀਆਂ ਦਿਖਾਈ ਦਿੰਦੀਆਂ ਹਨ। ਇਸ ਨੂੰ ਦੁਨੀਆਂ ਦੇ ਟਾਪ 10 ਸਭ ਤੋਂ ਮਹਿੰਗੇ ਘਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਓਸਵਾਲ ਪਰਿਵਾਰ ਵਲੋਂ ਐਕਵਾਇਰ ਕੀਤੇ ਜਾਣ ਤੋਂ ਪਹਿਲਾਂ ਇਹ ਵਿਲਾ ਪ੍ਰਸਿੱਧ ਗ੍ਰੀਕ ਸ਼ਿਪਿੰਗ ਟਾਈਕੂਨ ਅਰਸਤੂ ਓਨਾਸਿਸ ਦੀ ਬੇਟੀ ਕ੍ਰਿਸਟੀਨਾ ਓਨਾਸਿਸ ਦਾ ਸੀ। ਇਸ ਦੀ ਖਰੀਦ ਤੋਂ ਬਾਅਦ ਓਸਵਾਲ ਪਰਿਵਾਰ ਨੇ ਪ੍ਰਾਪਰਟੀ ਦਾ ਰੀਡਿਜ਼ਾਈਨ ਸ਼ੁਰੂ ਕੀਤਾ ਅਤੇ ਇਸ ਨੂੰ ਆਪਣੀਆਂ ਪਹਿਲਕਦਮੀਆਂ ਅਤੇ ਸ਼ੈਲੀ ਮੁਤਾਬਕ ਬਦਲ ਦਿੱਤਾ। ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਜੇਫਰੀ ਵਿਲਕੇਸ ਨੂੰ ਵਿਲਾ ਨੂੰ ਰੈਨੋਵੇਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਓਸਵਾਲ ਐਗਰੋ ਮਿਲਸ ਅਤੇ ਓਸਵਾਲ ਗ੍ਰੀਨਟੈੱਕ ਦੀ ਸਥਾਪਨਾ ਕਰਨ ਵਾਲੇ ਅਭੈ ਕੁਮਾਰ ਓਸਵਾਲ ਦੇ ਬੇਟੇ ਪੰਕਜ ਓਸਵਾਲ ਖੁਦ ਇਕ ਕਾਰੋਬਾਰੀ ਹਨ। 2016 ਵਿਚ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਪੰਕਜ ਓਸਵਾਲ ਨੇ ਓਸਵਾਲ ਗਰੁੱਪ ਗਲੋਬਲ ਦੀ ਕਮਾਨ ਸੰਭਾਲੀ, ਜਿਸ ਵਿਚ ਪੈਟਰੋਕੈਮੀਕਲਜ਼, ਰੀਅਲ ਅਸਟੇਟ, ਫਰਟੀਲਾਈਜ਼ਰ ਅਤੇ ਮਾਈਨਿੰਗ ਸ਼ਾਮਲ ਹਨ।