
ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਸਿੱਖਾਂ ਅਤੇ ਹੋਰ ਧਾਰਮਕ ਘੱਟ ਗਿਣਤੀਆਂ 'ਤੇ ਇਸਲਾਮਿਕ ਅਤਿਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਦਾ ਦਸਤਾਵੇਜ਼ ਤਿਆਰ ਕੀਤਾ ਹੈ
ਸੰਯੁਕਤ ਰਾਸ਼ਟਰ, 28 ਜੁਲਾਈ : ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਸਿੱਖਾਂ ਅਤੇ ਹੋਰ ਧਾਰਮਕ ਘੱਟ ਗਿਣਤੀਆਂ 'ਤੇ ਇਸਲਾਮਿਕ ਅਤਿਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਦਾ ਦਸਤਾਵੇਜ਼ ਤਿਆਰ ਕੀਤਾ ਹੈ ਅਤੇ ਕਿਹਾ ਹੈ ਕਿ ਯੁੱਧਗ੍ਰਸਤ ਦੇਸ਼ ਵਿਚ 2020 ਦੀ ਪਹਿਲੀ ਛਿਮਾਹੀ ਵਿਚ 3400 ਤੋਂ ਵੱਧ ਨਾਗਰਿਕ ਜ਼ਖ਼ਮੀ ਹੋਏ ਹਨ।
ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐਨ.ਏ.ਐਮ.ਏ) ਦੀ 'ਪ੍ਰੋਟੈਕਸ਼ਨ ਆਫ਼ ਸਿਵਲੀਅਨ ਇਨ ਆਰਮਡ ਕਾਨਫ਼ਲਿਕਟ' ਰੀਪੋਰਟ ਵਿਚ ਕਿਹਾ ਕਿ 2020 ਦੀ ਪਹਿਲੀ ਛਿਮਾਹੀ ਵਿਚ ਅਫ਼ਗ਼ਾਨਿਸਤਾਨ ਵਿਚ ਨਾਗਰਿਕਾਂ 'ਤੇ ਹਿੰਸਾ ਦੇ ਪੱਧਰ ਵਿਚ ਉਤਾਰ-ਚੜ੍ਹਾਅ ਦੇਖਿਆ ਗਿਆ। ਇਸ ਦੌਰਾਨ 3458 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ 1282 ਲੋਕ ਮਾਰੇ ਗਏ ਤੇ 2176 ਜ਼ਖ਼ਮੀ ਹੋਏ ਹਨ। ਰੀਪੋਰਟ ਵਿਚ ਕਿਹਾ ਗਿਆ ਹੈ,''ਯੂ.ਐਨ.ਏ.ਐਮ.ਏ ਅਫ਼ਗ਼ਾਨਿਸਤਾਨ ਵਿਚ 'ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਲੇਵੇਂਟ-ਖ਼ੋਰਾਸਨ ਪ੍ਰੋਵਿੰਸ' ਵਲੋਂ ਸਿੱਖਾਂ ਅਤੇ ਸ਼ੀਆ ਮੁਸਲਮਾਨਾਂ ਦੀ ਆਬਾਦੀ 'ਤੇ ਕੀਤੇ ਗਏ ਹਮਲਿਆਂ ਦਾ ਅੰਦਾਜ਼ਾ ਵੀ ਲਗਾ ਰਿਹਾ ਹੈ।''
UNAMA
ਰੀਪੋਰਟ ਵਿਚ ਕਿਹਾ ਗਿਆ ਕਿ 3458 ਲੋਕ ਜ਼ਖ਼ਮੀ ਹੋਣ ਦੇ ਅੰਕੜੇ 2019 ਦੀ ਪਹਿਲੀ ਛਿਮਾਹੀ ਦੇ ਅੰਕੜਿਆਂ ਦੀ ਤੁਲਨਾ ਵਿਚ 13 ਫ਼ੀ ਸਦੀ ਘੱਟ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਅਤੇ ਅਫ਼ਗ਼ਾਨ ਰਾਸ਼ਟਰੀ ਸੁਰੱਖਿਆ ਬਲਾਂ ਕਾਰਨ ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਗਿਣਤੀ ਵਿਚ ਕਮੀ ਨਹੀਂ ਆਈ ਹੈ ਅਤੇ ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਫ਼ੌਜੀ ਬਲਾਂ ਅਤੇ ਆਈ.ਐਸ.ਆਈ.ਐਲ ਦੇ ਸੂਬੇ ਵਿਚ ਘੱਟ ਅਭਿਆਨ ਚਲਾਉਣਾ ਹੈ।
ਇਸ ਰੀਪੋਰਟ ਵਿਚ ਸਰਕਾਰ ਵਿਰੋਧੀ ਤੱਤਾਂ ਨੂੰ ਵੀ ਇਸ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 58 ਫ਼ੀ ਸਦੀ ਨਾਗਰਿਕ ਸਰਕਾਰ ਵਿਰੋਧੀ ਗਤੀਵਿਧੀਆਂ ਕਾਰਨ ਹਿੰਸਾ ਵਿਚ ਜ਼ਖ਼ਮੀ ਹੋਏ ਜਿਨ੍ਹਾਂ ਵਿਚ 580 ਲੋਕ ਮਾਰੇ ਗਏ ਅਤੇ 893 ਦੇ ਜ਼ਖ਼ਮੀ ਹੋਣ ਲਈ ਤਾਲਿਬਾਨ ਜ਼ਿੰਮੇਵਾਰ ਹੈ।