
ਪਾਕਿਸਤਾਨ ਦੇ ਨਾਰੋਵਾਲ ਵਿਚ ਆਇਆ ਸੀ ਹੜ੍ਹ, ਡੁੱਬਿਆ ਸੀ ਕਰਤਾਰਪੁਰ ਸਾਹਿਬ ਲਾਂਘਾ
More Than 100 People Rescued in Kartarpur Sahib, Guru Granth Sahib Safe Latest News in Punjabi ਲਾਹੌਰ : ਭਾਰਤ ਨੇ ਤਵੀ ਨਦੀ ਵਿਚ ਹੜ੍ਹ ਆਉਣ ਦੀ ਸੰਭਾਵਨਾ ਬਾਰੇ ਪਾਕਿਸਤਾਨ ਨੂੰ ਇਕ ਤਾਜ਼ਾ ਚੇਤਾਵਨੀ ਜਾਰੀ ਕੀਤੀ ਹੈ। ਇਹ ਚੇਤਾਵਨੀ ਮਨੁੱਖੀ ਆਧਾਰ 'ਤੇ ਕੂਟਨੀਤਕ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਚੇਤਾਵਨੀ ਜਾਰੀ ਕੀਤੀ ਗਈ ਸੀ।
ਦਰਅਸਲ, ਉੱਤਰੀ ਰਾਜਾਂ ਵਿਚ ਲਗਾਤਾਰ ਮੀਂਹ ਪੈਣ ਕਾਰਨ, ਵੱਡੇ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪਿਆ। ਇਸ ਦੌਰਾਨ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿਚ ਗੁਰਦੁਆਰਾ ਦਰਬਾਰ ਸਾਹਿਬ ਸਮੇਤ ਕਰਤਾਰਪੁਰ ਲਾਂਘੇ ਵਿਚ ਰਾਵੀ ਨਦੀ ਦੇ ਹੜ੍ਹ ਦੇ ਪਾਣੀ ਕਾਰਨ 100 ਤੋਂ ਵੱਧ ਲੋਕ ਫਸ ਗਏ, ਜਿਨ੍ਹਾਂ ਨੂੰ ਬਚਾਅ ਕਾਰਜਾਂ ਦੌਰਾਨ ਬਚਾਇਆ ਗਿਆ ਹੈ ਤੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 'ਪ੍ਰਕਾਸ਼ (ਸਥਾਪਨ)' ਗੁਰਦੁਆਰੇ ਦੀ ਪਹਿਲੀ ਮੰਜ਼ਿਲ 'ਤੇ ਕੀਤਾ ਜਾਂਦਾ ਹੈ। ਇਹ ਜ਼ਮੀਨ ਤੋਂ ਲਗਭਗ 12 ਫੁੱਟ ਉੱਪਰ ਹੈ। ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 'ਸਵਰੂਪ' ਸੁਰੱਖਿਅਤ ਰੱਖਿਆ ਗਿਆ ਹੈ।
ਕਰਤਾਰਪੁਰ ਲਾਂਘਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁਖੀ ਸੈਫੁੱਲਾ ਖੋਖਰ ਨੇ ਕਿਹਾ, "ਗੁਰਦੁਆਰਾ ਦਰਬਾਰ ਸਾਹਿਬ ਸਮੇਤ ਪੂਰਾ ਕਰਤਾਰਪੁਰ ਲਾਂਘਾ ਕੰਪਲੈਕਸ ਹੜ੍ਹ ਦੇ ਪਾਣੀ ਵਿਚ ਡੁੱਬ ਗਿਆ ਹੈ।" ਫਸੇ ਹੋਏ ਜ਼ਿਆਦਾਤਰ ਲੋਕ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਕਰਮਚਾਰੀ ਹਨ। ਉਨ੍ਹਾਂ ਨੂੰ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਕੱਢਿਆ ਜਾ ਰਿਹਾ ਹੈ। ਪਾਕਿਸਤਾਨ ਵਿਚ ਹੜ੍ਹਾਂ ਕਾਰਨ ਹੁਣ ਤਕ 802 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਹੜ੍ਹਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੰਜਾਬ ਸੂਬੇ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਫ਼ੌਜ ਤਾਇਨਾਤ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸੂਬੇ ਦੇ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਵਿਚ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿਆਲਕੋਟ, ਨਾਰੋਵਾਲ, ਗੁਜਰਾਤ ਅਤੇ ਪਸਰੂਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 27 ਅਗੱਸਤ ਤੋਂ ਅਗਲੀ ਸਮੀਖਿਆ ਤਕ ਬੰਦ ਰਹਿਣਗੇ।
(For more news apart from More Than 100 People Rescued in Kartarpur Sahib, Guru Granth Sahib Safe Latest News in Punjabi stay tuned to Rozana Spokesman.)