
ਕੋਰੋਨਾ ਦਾ ਸੱਭ ਤੋਂ ਪਹਿਲਾ ਮਾਮਲਾ ਵੁਹਾਨ ਤੋਂ ਹੀ ਆਇਆ ਸੀ
ਬੀਜਿੰਗ : ਚੀਨ ਦੇ ਸ਼ਹਿਰ ਵੁਹਾਨ ਵਿਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ ਕਰ ਦਿਤਾ ਗਿਆ ਹੈ। ਜਦਕਿ ਚੀਨ ਨੇ ਹੁਣ ਤਕ ਅਪਣੇ ਕਿਸੇ ਟੀਕੇ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ। ਕੋਰੋਨਾ ਵਾਇਰਸ ਦੇ ਗਲੋਬਲ ਮਹਾਮਾਰੀ ਦਾ ਰੂਪ ਲੈਣ ਤੋਂ ਪਹਿਲਾਂ ਇਸ ਦਾ ਸੱਭ ਤੋਂ ਪਹਿਲਾ ਮਾਮਲਾ ਵੁਹਾਨ ਵਿਚ ਹੀ ਸਾਹਮਣੇ ਆਇਆ ਸੀ। ਵੁਹਾਨ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਉਪ ਨਿਦੇਸ਼ਕ ਹੀ ਝੇਨਯੂ ਨੇ ਪੱਤਰਕਾਰਾਂ ਨੂੰ ਦਸਿਆ ਕਿ 15 ਜ਼ਿਲ੍ਹਿਆਂ ਦੇ 48 ਸਮਰਪਿਤ ਕਲੀਨਿਕਾਂ ਵਿਚ 24 ਦਸੰਬਰ ਤੋਂ ਟੀਕਾਕਰਨ ਸ਼ੁਰੂ ਹੋਇਆ। ਇਸ ਵਿਚ 18 ਤੋਂ 59 ਸਾਲ ਦੇ ਉਮਰ ਵਰਗ ਦੇ ਲੋਕਾਂ ਦੇ ਨਿਸ਼ਚਿਤ ਸਮੂਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
Corona Vaccine
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਹੀ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਲੋਕਾਂ ਨੂੰ ਚਾਰ ਹਫ਼ਤੇ ਦੇ ਅੰਤਰਾਲ ਵਿਚ ਟੀਕੇ ਦੀਆਂ ਦੋ ਖੁਰਾਕਾਂ ਦਿਤੀਆਂ ਜਾਣਗੀਆਂ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਵੁਹਾਨ ਦੇ ਹੁਬੇਈ ਸੂਬੇ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਸਾਹਮਣੇ ਆਇਆ ਸੀ।
Corona vaccine
ਸ਼ਹਿਰ ਦੇ 1.1 ਕਰੋੜ ਲੋਕਾਂ ’ਤੇ ਇਸ ਸਾਲ 23 ਜਨਵਰੀ ਨੂੰ ਤਾਲਬੰਦੀ ਲਗਾਈ ਗਈ ਅਤੇ ਇਸ ਦੇ ਬਾਅਦ ਹੁਬੇਈ ਸੂਬੇ ਵਿਚ ਵੀ ਤਾਲਾਬੰਦੀ ਲਗਾਈ ਗਈ। ਦੋਵੇਂ ਥਾਂਵਾਂ ’ਤੇ 8 ਅਪ੍ਰੈਲ ਤਕ ਤਾਲਾਬੰਦੀ ਸੀ। ਹੁਬੇਈ ਵਿਚ ਵਾਇਰਸ ਨਾਲ 4,512 ਲੋਕਾਂ ਦੀ ਮੌਤ ਹੋਈ ਜਿਸ ਵਿਚ ਵੁਹਾਨ ਦੇ 3869 ਲੋਕ ਸ਼ਾਮਲ ਹਨ।
ਹੁਬੇਈ ਵਿਚ ਹੁਣ ਤਕ ਵਾਇਰਸ ਦੇ 68,134 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 50,339 ਮਾਮਲੇ ਵੁਹਾਨ ਦੇ ਹਨ।
Moderna’s Vaccine
ਇਸ ਸਾਲ ਮਈ ਵਿਚ ਵੁਹਾਨ ਪ੍ਰਸ਼ਾਸਨ ਨੇ ਲੱਗਭਗ ਅਪਣੀ ਪੂਰੀ ਆਬਾਦੀ ਦੀ ਕੋਵਿਡ-19 ਜਾਂਚ ਵੀ ਕੀਤੀ ਸੀ। ਇਸ ਦੇ ਬਾਅਦ ਵੀ ਇਥੇ ਕੁੱਝ ਮਾਮਲੇ ਸਾਹਮਣੇ ਆਏ। ਚੀਨ ਵਿਚ ਸੋਮਵਾਰ ਤਕ ਕੋਵਿਡ-19 ਦੇ ਕੁੱਲ 50,339 ਮਾਮਲੇ ਸਾਹਮਣੇ ਆ ਚੁੱਕੇ ਸਨ। ਹਾਲੇ ਇਥੇ 348 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ। ਚੀਨ ਵਿਚ ਵਾਇਰਸ ਨਾਲ 4,634 ਲੋਕਾਂ ਦੀ ਮੌਤ ਹੋਈ ਹੈ।