ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਨਵੀਂ ਦਿੱਲੀ : ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਤੋਂ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਥੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸਨਿਚਰਵਾਰ ਨੂੰ ਪੱਛਮੀ ਗੁਆਟੇਮਾਲਾ ਵਿਚ ਇਕ ਯਾਤਰੀ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਔਰਤਾਂ ਤੇ ਬੱਚਾ ਵੀ ਸ਼ਾਮਲ ਹੈ।
ਸਥਾਨਕ ਅਧਿਕਾਰੀਆਂ ਅਨੁਸਾਰ ਇਹ ਭਿਆਨਕ ਹਾਦਸਾ ਇੰਟਰ-ਅਮਰੀਕਨ ਹਾਈਵੇਅ ’ਤੇ ਵਾਪਰਿਆ। ਸਥਾਨਕ ਫ਼ਾਇਰਫ਼ਾਈਟਰ ਦੇ ਬੁਲਾਰੇ ਲਿਓਂਡਰੋ ਅਮਾਡੋ ਨੇ ਦਸਿਆ ਕਿ ਮਰਨ ਵਾਲੇ 15 ਲੋਕਾਂ ਵਿਚ 11 ਪੁਰਸ਼, 3 ਔਰਤਾਂ ਅਤੇ ਇਕ ਨਾਬਾਲਗ਼ ਬੱਚਾ ਸ਼ਾਮਲ ਹੈ। ਹਾਦਸੇ ਤੋਂ ਤੁਰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਤੇ ਲਗਭਗ 19 ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ।
