
2021 'ਚ ਕੀਤਾ ਸੀ 86 ਸਾਲਾ ਪਿਤਾ ਦਾ ਕਤਲ
ਲੰਡਨ - ਇੱਕ ਬ੍ਰਿਟਿਸ਼-ਭਾਰਤੀ ਵਿਅਕਤੀ ਨੂੰ ਦੋ ਸਾਲ ਪਹਿਲਾਂ ਸ਼ਰਾਬ ਪੀਣ ਤੋਂ ਬਾਅਦ ਆਪਣੇ ਪਿਤਾ ਨੂੰ ਸ਼ੈਂਪੇਨ ਦੀ ਬੋਤਲ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਦੋਸ਼ੀ ਪਾਇਆ ਗਿਆ ਹੈ।
ਦੀਕਨ ਸਿੰਘ ਵਿਗ (54) ਨੇ 30 ਅਕਤੂਬਰ 2021 ਦੀ ਸ਼ਾਮ ਨੂੰ ਆਪਣੇ 86 ਸਾਲਾ ਪਿਤਾ ਅਰਜਨ ਸਿੰਘ ਵਿਗ ਦਾ ਸਾਊਥਗੇਟ, ਉੱਤਰੀ ਲੰਡਨ ਵਿੱਚ ਆਪਣੇ ਪਰਿਵਾਰਕ ਘਰ ਵਿੱਚ ਕਤਲ ਕਰ ਦਿੱਤਾ ਸੀ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪੁਲਿਸ ਨੇ ਡੀਕਨ ਨੂੰ ਨੰਗੇਜ਼ ਦੀ ਹਾਲਤ 'ਚ ਪਾਇਆ ਸੀ ਅਤੇ ਉਸ ਵੇਲੇ ਉੱਥੇ ਸ਼ੈਂਪੇਨ ਦੀਆਂ ਸੈਂਕੜੇ ਬੋਤਲਾਂ ਪਈਆਂ ਸਨ, ਜਿਨ੍ਹਾਂ ਵਿੱਚ ਖ਼ੂਨ ਨਾਲ ਲਥਪਥ ਵੇਵ ਕਲੀਕੋਟ ਅਤੇ ਬੋਲਿੰਗਰ ਵੀ ਸ਼ਾਮਲ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਉਸ ਨੇ ਪੁਲਿਸ ਨੂੰ ਦੱਸਿਆ, "ਮੈਂ ਆਪਣੇ ਪਿਤਾ ਨੂੰ ਮਾਰਿਆ। ਮੈਂ ਉਸ ਦੇ ਸਿਰ 'ਤੇ ਬੋਲਿੰਗਰ ਸ਼ੈਂਪੇਨ ਦੀ ਬੋਤਲ ਮਾਰੀ।"
ਦੱਸਿਆ ਗਿਆ ਹੈ ਕਿ ਬਜ਼ੁਰਗ ਪਿਤਾ ਦੀ ਲਾਸ਼ ਦੀਕਨ ਦੇ ਬੈੱਡਰੂਮ 'ਚੋਂ ਬਰਾਮਦ ਹੋਈ ਸੀ, ਅਤੇ ਉਸ ਦੇ ਸਿਰ 'ਤੇ ਬੇਰਹਿਮੀ ਨਾਲ ਮਾਰੀਆਂ ਸੱਟਾਂ ਨਜ਼ਰ ਆਈਆਂ ਸਨ।
ਸਰਕਾਰੀ ਵਕੀਲ ਡੀਆਨਾ ਹੀਰ ਕੇਸੀ ਨੇ ਅਦਾਲਤ ਨੂੰ ਦੱਸਿਆ ਕਿ ਪੀੜਤ ਬਜ਼ੁਰਗ ਦੇ ਚਿਹਰੇ ਅਤੇ ਸਿਰ 'ਤੇ ਸ਼ੈਂਪੇਨ ਦੀ ਬੋਤਲ ਨਾਲ ਵਾਰ-ਵਾਰ ਮਾਰਿਆ ਗਿਆ ਸੀ, ਅਤੇ ਉਸ ਦੀ ਮੌਤ ਹੋ ਗਈ ਸੀ।
ਦੀਕਨ ਆਪਣੇ ਪਿਤਾ ਦੀ ਪਰਿਵਾਰਕ ਕਾਰੋਬਾਰ ਵਿੱਚ ਮਦਦ ਕਰਦਾ ਸੀ, ਅਤੇ ਕੋਵਿਡ ਲਾਕਡਾਊਨ ਦੌਰਾਨ ਸ਼ਰਾਬ ਦਾ ਆਦੀ ਹੋ ਗਿਆ ਸੀ।
ਪੁਲਿਸ ਨੇ ਮੌਕਾ-ਏ-ਵਾਰਦਾਤ 'ਤੇ ਬੈੱਡ 'ਤੇ ਸ਼ੈਂਪੇਨ ਦੀਆਂ 100 ਦੇ ਕਰੀਬ ਬੋਤਲਾਂ, ਵਿਸਕੀ ਦੀਆਂ ਬੋਤਲਾਂ ਦੇ 10 ਐਮਾਜ਼ਾਨ ਡਿਲੀਵਰੀ ਬਾਕਸ ਅਤੇ ਟੈਲਿਸਕਰ ਸਕਾਚ ਦੀ ਇੱਕ ਖਾਲੀ ਬੋਤਲ ਬਰਾਮਦ ਕੀਤੀ ਸੀ।
ਆਪਣੇ ਪਰਿਵਾਰ ਸਮੇਤ ਯੂਗਾਂਡਾ ਤੋਂ ਬ੍ਰਿਟੇਨ ਆਏ ਦੀਕਨ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਮਾਨਸਿਕ ਪਰੇਸ਼ਾਨੀ ਸੀ ਅਤੇ ਉਸ ਦੇ ਪਿਤਾ ਨੇ ਉਸ 'ਤੇ ਹਮਲਾ ਕੀਤਾ ਸੀ।
ਉਸ ਨੇ ਕਤਲ ਤੋਂ ਕੁਝ ਘੰਟੇ ਪਹਿਲਾਂ 500 ਮਿਲੀਲੀਟਰ ਵਿਸਕੀ ਪੀਣ ਦੀ ਗੱਲ ਵੀ ਕਬੂਲੀ ਹੈ।
ਜੱਜ ਐਂਜੇਲਾ ਰੈਫਰਟੀ ਨੇ ਸ਼ੁੱਕਰਵਾਰ ਨੂੰ ਦੀਕਨ ਦੀ ਸਜ਼ਾ 10 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਅਤੇ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ।